ਬਿਹਾਰ: ਕਾਰ ਨੇ ਦਰੜੇ ਤਿੰਨ ਪੁਲਿਸ ਕਰਮੀ, ਮਹਿਲਾ ਕਾਂਸਟੇਬਲ ਦੀ ਮੌਤ

ਪਟਨਾ, 12 ਜੂਨ- ਪਟਨਾ ਵਿਚ ਇਕ ਤੇਜ਼ ਰਫ਼ਤਾਰ ਸਕਾਰਪੀਓ ਨੇ ਵਾਹਨਾਂ ਦੀ ਜਾਂਚ ਕਰ ਰਹੇ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਕੁਚਲ ਦਿੱਤਾ। ਇਸ ਵਿਚ ਇਕ ਮਹਿਲਾ ਕਾਂਸਟੇਬਲ ਦੀ ਮੌਤ ਹੋ ਗਈ ਤੇ ਇਕ ਸਬ-ਇੰਸਪੈਕਟਰ ਅਤੇ ਇਕ ਏ.ਐਸ.ਆਈ. ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ਘਟਨਾ ਐਸ.ਕੇ. ਪੁਰੀ ਥਾਣਾ ਖੇਤਰ ਦੇ ਅਟਲ ਪਥ ’ਤੇ ਵਾਪਰੀ। ਇਸ ਹਾਦਸੇ ਤੋਂ ਬਾਅਦ ਇਲਾਕੇ ਵਿਚ ਹਫੜਾ-ਦਫੜੀ ਮਚ ਗਈ। ਜਲਦੀ ਹੀ ਪਟਨਾ ਦੇ ਐਸ.ਐਸ.ਪੀ. ਨੇੜਲੇ ਥਾਣਿਆਂ ਦੀ ਪੁਲਿਸ ਨਾਲ ਮੌਕੇ ’ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਮਹਿਲਾ ਕਾਂਸਟੇਬਲ ਨੂੰ ਮ੍ਰਿਤਕ ਐਲਾਨ ਦਿੱਤਾ। ਪਟਨਾ ਦੇ ਐਸ.ਐਸ.ਪੀ. ਅਵਕਾਸ਼ ਕੁਮਾਰ ਨੇ ਕਿਹਾ ਕਿ ਪੁਲਿਸ ਮੁਲਾਜ਼ਮਾਂ ਨੂੰ ਟੱਕਰ ਮਾਰਨ ਵਾਲੀ ਗੱਡੀ ਦਾ ਡਰਾਈਵਰ ਭੱਜ ਗਿਆ ਹੈ, ਉਸ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਸਾਰੇ ਜ਼ਖਮੀ ਪੁਲਿਸ ਮੁਲਾਜ਼ਮਾਂ ਦਾ ਉਸੇ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਜਾਣਕਾਰੀ ਅਨੁਸਾਰ ਮਹਿਲਾ ਪੁਲਿਸ ਮੁਲਾਜ਼ਮ ਕੋਮਲ ਕੁਮਾਰੀ ਦੀ ਇਲਾਜ ਦੌਰਾਨ ਹਸਪਤਾਲ ਵਿਚ ਮੌਤ ਹੋ ਗਈ।