ਕਸ਼ਮੀਰ ਵਿਚ ਸੈਰ-ਸਪਾਟਾ ਸਥਾਨਾਂ 'ਤੇ ਮੁੜ ਪਰਤੀ ਰੌਣਕ

ਅਨੰਤਨਾਗ (ਜੰਮੂ ਅਤੇ ਕਸ਼ਮੀਰ) ,15 ਜੂਨ (ਏਐਨਆਈ): ਜੰਮੂ ਅਤੇ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਸੈਰ-ਸਪਾਟੇ ਨੂੰ ਮੁੜ ਸੁਰਜੀਤ ਕਰਨ ਅਤੇ ਜਨਤਾ ਦੇ ਵਿਸ਼ਵਾਸ ਨੂੰ ਬਹਾਲ ਕਰਨ ਲਈ 8 ਪ੍ਰਮੁੱਖ ਸੈਰ-ਸਪਾਟਾ ਸਥਾਨਾਂ ਨੂੰ ਦੁਬਾਰਾ ਖੋਲ੍ਹਣ ਦਾ ਐਲਾਨ ਕਰਨ ਤੋਂ ਇਕ ਦਿਨ ਬਾਅਦ, ਕਸ਼ਮੀਰ ਦੇ ਕਈ ਸਥਾਨ ਐਤਵਾਰ ਨੂੰ ਸੈਲਾਨੀਆਂ ਲਈ ਖੋਲ੍ਹ ਦਿੱਤੇ ਗਏ। ਮੁੱਖ ਤੌਰ 'ਤੇ ਦੁਬਾਰਾ ਖੋਲ੍ਹੇ ਗਏ ਸਥਾਨਾਂ ਵਿਚ ਸੁੰਦਰ ਬੇਤਾਬ ਘਾਟੀ, ਸ਼ਾਂਤ ਵੇਰੀਨਾਗ, ਕੋਕਰਨਾਗ, ਅਚਬਲ ਮੁਗਲ ਗਾਰਡਨ ਅਤੇ ਪਹਿਲਗਾਮ ਸ਼ਹਿਰ ਦੇ ਕਈ ਪਾਰਕ ਸ਼ਾਮਿਲ ਹਨ। ਇਸ ਫ਼ੈਸਲੇ ਦਾ ਸਥਾਨਕ ਲੋਕਾਂ, ਰਾਜਨੀਤਿਕ ਨੇਤਾਵਾਂ ਅਤੇ ਸੈਲਾਨੀਆਂ ਨੇ ਸਵਾਗਤ ਕੀਤਾ ਹੈ । ਪਹਲਗਾਮ ਦੇ ਬੈਸਰਨ ਮੈਦਾਨ ਵਿਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਇਨ੍ਹਾਂ ਸਥਾਨਾਂ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਸੀ, ਜਿਸ ਵਿਚ 25 ਭਾਰਤੀ ਨਾਗਰਿਕਾਂ ਅਤੇ ਇਕ ਨਿਪਾਲੀ ਨਾਗਰਿਕ ਦੀ ਮੌਤ ਹੋ ਗਈ ਸੀ।