ਪੁਰਾਣੀ ਰੰਜਿਸ਼ ਦੇ ਚਲਦਿਆਂ ਚੱਲੀਆਂ ਗੋਲੀਆਂ, 3 ਜ਼ਖਮੀ

ਪੱਟੀ, 16 ਜੂਨ (ਕੁਲਵਿੰਦਰ ਪਾਲ ਸਿੰਘ ਕਾਲੇਕੇ/ਅਵਤਾਰ ਸਿੰਘ ਖਹਿਰਾ)-ਥਾਣਾ ਸਦਰ ਪੱਟੀ ਦੇ ਪਿੰਡ ਜੋਤੀ ਸ਼ਾਹ ਵਿਖੇ ਪੁਰਾਣੀ ਰੰਜਿਸ਼ ਦੇ ਚਲਦਿਆਂ ਚੱਲੀ ਗੋਲੀ ਵਿਚ ਇਕ ਲੜਕੀ ਸਮੇਤ ਤਿੰਨ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਸਦਰ ਪੱਟੀ ਦੇ ਐਸ. ਐਚ. ਓ. ਗੁਰਚਰਨ ਸਿੰਘ ਨੇ ਦੱਸਿਆ ਕਿ ਪਿੰਡ ਜੋਤੀ ਸ਼ਾਹ ਵਿਖੇ ਹੋਏ ਝਗੜੇ ਦੌਰਾਨ ਇਕ ਲੜਕੀ ਕਿਰਨਦੀਪ ਕੌਰ ਪੁੱਤਰੀ ਸੁਖਦੇਵ ਸਿੰਘ ਵਾਸੀ ਪਿੰਡ ਜੋਤੀ ਸ਼ਾਹ ਥਾਣਾ ਸਦਰ ਪੱਟੀ, ਸ਼ਮਸ਼ੇਰ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਬੱਠੇ ਭੈਣੀ ਥਾਣਾ ਸਦਰ ਪੱਟੀ, ਜੰਗਾ ਸਿੰਘ ਪੁੱਤਰ ਠਾਕਰ ਸਿੰਘ ਵਾਸੀ ਪਿੰਡ ਬਲੇਰ ਥਾਣਾ ਭਿੱਖੀਵਿੰਡ ਗੰਭੀਰ ਜ਼ਖਮੀ ਹੋ ਗਏ ਹਨ। ਇਸ ਸਬੰਧੀ ਕਾਰਵਾਈ ਕਰਦਿਆਂ ਥਾਣਾ ਸਦਰ ਪੱਟੀ ਵਿਚ ਸੁਖਦੇਵ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਜੋਤੀ ਸ਼ਾਹ ਥਾਣਾ ਸਦਰ ਪੱਟੀ ਦੇ ਬਿਆਨਾਂ ਉੱਪਰ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੁਕਦਮੇ ਵਿਚ ਸੋਨੀਆ ਪੁੱਤਰੀ ਬਖਸ਼ੀਸ਼ ਸਿੰਘ ਵਾਸੀ ਸੈਦਪੁਰ, ਬਿੱਲਾ ਵਾਸੀ ਪਨਗੋਟਾ, ਵੀਰ ਕੌਰ ਪਤਨੀ ਸਤਨਾਮ ਸਿੰਘ ਵਾਸੀ ਜੋਤੀ ਸ਼ਾਹ, ਜਬਨਪ੍ਰੀਤ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਪਨਗੋਟਾ, ਮਨਪ੍ਰੀਤ ਸਿੰਘ ਪੁੱਤਰ ਸਵਰਨ ਸਿੰਘ, ਅਰਸ਼ਦੀਪ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਸੈਦਪੁਰ, ਬਖਸ਼ੀਸ਼ ਸਿੰਘ ਪੁੱਤਰ ਦੇਵਾ ਸਿੰਘ ਵਾਸੀ ਸੈਦਪੁਰ, ਰਣਜੀਤ ਸਿੰਘ ਵਾਸੀ ਸੈਦਪੁਰ ਵਿਰੁੱਧ ਛਾਪੇਮਾਰੀ ਕੀਤੀ ਜਾ ਰਹੀ ਹੈ।