ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮੀਰੀ ਪੀਰੀ ਦਿਵਸ ਸ਼ਰਧਾ ਉਤਸਾਹ ਸਹਿਤ ਮਨਾਇਆ

ਅੰਮ੍ਰਿਤਸਰ, 5 ਜੁਲਾਈ (ਜਸਵੰਤ ਸਿੰਘ ਜੱਸ)- ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵਲੋਂ ਮੀਰੀ ਤੇ ਪੀਰੀ ਦੀਆਂ ਤਲਵਾਰਾਂ ਧਾਰਨ ਕਰਨ ਦੇ ਇਤਿਹਾਸਿਕ ਦਿਹਾੜੇ ਨੂੰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੀਰੀ ਪੀਰੀ ਦਿਵਸ ਵਜੋਂ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਵਲੋਂ ਇਲਾਹੀ ਗੁਰਬਾਣੀ ਦਾ ਸ਼ਬਦ ਗਾਇਨ ਕੀਤਾ ਗਿਆ।
ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੰਗਤਾਂ ਨਾਲ ਅੱਜ ਦੇ ਇਤਿਹਾਸਿਕ ਦਿਹਾੜੇ ਸੰਬੰਧੀ ਗੁਰਮਤਿ ਵਿਚਾਰਾਂ ਵੀ ਸਾਂਝੀਆ ਕੀਤੀਆਂ ਗਈਆਂ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ ਤੇ ਗਿਆਨੀ ਗੁਰਮੁਖ ਸਿੰਘ, ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰੇ ਸਾਹਿਬਾਨ, ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਅਤੇ ਸੰਗਤਾਂ ਹਾਜ਼ਰ ਸਨ।
ਇੱਥੇ ਜ਼ਿਕਰ ਯੋਗ ਹੈ ਕਿ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵਲੋਂ 11 ਸਾਲ ਦੀ ਉਮਰ ਵਿਚ ਸੰਨ 1606 ਈਸਵੀ ਵਿਚ ਮੀਰੀ ਤੇ ਪੀਰੀ ਦੀਆਂ ਦੋ ਸ੍ਰੀ ਸਾਹਿਬਾ ਧਾਰਨ ਕੀਤੀਆਂ ਸਨ ਅਤੇ ਇਹ ਤਲਵਾਰਾਂ ਧਾਰਨ ਕਰਵਾਉਣ ਦੀ ਰਸਮ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਵਲੋਂ ਕੀਤੀ ਗਈ ਸੀ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਸੰਗਤਾਂ ਨੂੰ ਗੁਰੂ ਸਾਹਿਬ ਦੀਆਂ ਮੀਰੀ ਤੇ ਪੀਰੀ ਦੀਆਂ ਸ੍ਰੀ ਸਾਹਿਬਾਂ ਦੇ ਦਰਸ਼ਨ ਵੀ ਕਰਾਏ ਗਏ।