JALANDHAR WEATHER

ਭਾਰਤ-ਇੰਗਲੈਂਡ ਦੂਜਾ ਟੈਸਟ : ਸ਼ੁਭਮਨ ਨੇ ਤੋੜੇ ਸਾਰੇ ਰਿਕਾਰਡ

• ਇਕ ਟੈਸਟ ਮੈਚ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਭਾਰਤੀ ਬੱਲੇਬਾਜ਼ ਬਣੇ
• 54 ਸਾਲ ਪੁਰਾਣਾ ਗਾਵਸਕਰ ਦਾ ਰਿਕਾਰਡ ਤੋੜਿਆ • ਭਾਰਤ ਨੂੰ ਜਿੱਤ ਲਈ 7 ਵਿਕਟਾਂ ਦੀ ਲੋੜ

ਬਰਮਿੰਘਮ, 5 ਜੁਲਾਈ (ਇੰਟ)-ਇੰਗਲੈਂਡ ਦੇ ਬਰਮਿੰਘਮ 'ਚ ਖੇਡੇ ਜਾ ਰਹੇ ਭਾਰਤ ਤੇ ਇੰਗਲੈਂਡ ਵਿਚਕਾਰ ਦੂਜੇ ਟੈਸਟ ਮੈਚ ਦੌਰਾਨ ਸ਼ੁਭਮਨ ਗਿੱਲ ਨੇ ਆਪਣੀ ਸ਼ਾਨਦਾਰ ਪਾਰੀ ਨਾਲ ਇਤਿਹਾਸ ਰੱਚ ਦਿੱਤਾ ਹੈ ਤੇ ਇਕ ਟੈਸਟ ਮੈਚ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਭਾਰਤੀ ਬੱਲੇਬਾਜ਼ ਬਣ ਗਏ ਹਨ | ਗਿੱਲ ਨੇ ਇਸ ਮਾਮਲੇ 'ਚ ਭਾਰਤ ਦੇ ਮਹਾਨ ਬੱਲੇਬਾਜ਼ ਸੁਨੀਲ ਗਾਵਸਕਰ ਨੂੰ ਪਿੱਛੇ ਛੱਡ ਦਿੱਤਾ ਹੈ | ਗਾਵਸਕਰ ਨੇ 1971 'ਚ ਪੋਰਟ ਆਫ ਸਪੇਨ 'ਚ ਵੈਸਟਇੰਡੀਜ਼ ਵਿਰੁੱਧ ਖੇਡੇ ਗਏ ਟੈਸਟ ਮੈਚ 'ਚ ਕੁੱਲ 344 ਦੌੜਾਂ ਬਣਾਈਆਂ ਸਨ | ਗਿੱਲ ਨੇ ਬਰਮਿੰਘਮ 'ਚ ਖੇਡੇ ਜਾ ਰਹੇ ਇਸ ਮੈਚ 'ਚ 430 ਦੌੜਾਂ ਬਣਾਈਆਂ ਤੇ 54 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ | ਗਿੱਲ ਇਕ ਟੈਸਟ ਮੈਚ 'ਚ 400 ਤੋਂ ਵੱਧ ਦੌੜਾਂ ਬਣਾਉਣ ਵਾਲਾ ਪਹਿਲਾ ਭਾਰਤੀ ਬੱਲੇਬਾਜ਼ ਹੈ | ਗਿੱਲ ਇਕ ਟੈਸਟ ਮੈਚ ਦੀਆਂ ਦੋਵੇਂ ਪਾਰੀਆਂ 'ਚ ਸੈਂਕੜਾ ਲਗਾਉਣ ਵਾਲਾ 8ਵਾਂ ਭਾਰਤੀ ਬੱਲੇਬਾਜ਼ ਹੈ | ਇਸ ਦੇ ਨਾਲ ਹੀ, ਉਹ ਇਕੋ ਟੈਸਟ ਮੈਚ 'ਚ ਦੋਹਰਾ ਸੈਂਕੜਾ ਤੇ ਸੈਂਕੜਾ ਲਗਾਉਣ ਵਾਲਾ 9ਵਾਂ ਖਿਡਾਰੀ ਹੈ | ਗਿੱਲ ਨੇ ਬਰਮਿੰਘਮ ਟੈਸਟ ਦੀ ਪਹਿਲੀ ਪਾਰੀ 'ਚ 269 ਦੌੜਾਂ ਬਣਾਈਆਂ ਤੇ ਹੁਣ ਉਸਨੇ ਦੂਜੀ ਪਾਰੀ 'ਚ ਵੀ ਸੈਂਕੜਾ ਬਣਾਇਆ ਹੈ | ਗਿੱਲ ਕਪਤਾਨ ਵਜੋਂ ਆਪਣੇ ਪਹਿਲੇ 2 ਟੈਸਟ ਮੈਚਾਂ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ ਹੈ |
ਅੱਜ ਚੌਥੇ ਦਿਨ ਗਿੱਲ ਦੇ ਸੈਂਕੜੇ (161 ਦੌੜਾਂ) ਤੇ ਕੇ.ਐਲ. ਰਾਹੁਲ, ਰਿਸ਼ਭ ਪੰਤ ਤੇ ਰਵਿੰਦਰ ਜਡੇਜਾ ਦੇ ਅਰਧ ਸੈਂਕੜਿਆਂ ਦੀ ਮਦਦ ਨਾਲ ਭਾਰਤ ਨੇ ਆਪਣੀ ਦੂਜੀ ਪਾਰੀ 6 ਵਿਕਟਾਂ 'ਤੇ 427 ਦੌੜਾਂ 'ਤੇ ਐਲਾਨ ਦਿੱਤੀ ਤੇ ਮੇਜ਼ਬਾਨ ਟੀਮ ਨੂੰ 608 ਦੌੜਾਂ ਦਾ ਟੀਚਾ ਦਿੱਤਾ, ਜਿਸ ਨਾਲ 607 ਦੌੜਾਂ ਦੀ ਵੱਡੀ ਬੜਤ ਮਿਲੀ | ਭਾਰਤੀ ਗੇਂਦਬਾਜ਼ਾਂ ਨੇ ਦੂਜੀ ਪਾਰੀ 'ਚ ਟੀਮ ਨੂੰ ਚੰਗੀ ਸ਼ੁਰੂਆਤ ਦਿੱਤੀ ਤੇ ਇੰਗਲੈਂਡ ਨੂੰ 3 ਝਟਕੇ ਦਿੱਤੇ | ਇੰਗਲੈਂਡ ਨੇ ਜੈਕ ਕਰੌਲੀ, ਬੇਨ ਡਕੇਟ ਅਤੇ ਜੋ ਰੂਟ ਦੀਆਂ ਵਿਕਟਾਂ ਗੁਆ ਦਿੱਤੀਆਂ ਹਨ | ਭਾਰਤ ਲਈ ਆਕਾਸ਼ ਦੀਪ ਨੇ 2 ਵਿਕਟਾਂ ਲਈਆਂ, ਜਦੋਂ ਕਿ ਮੁਹੰਮਦ ਸਿਰਾਜ ਨੂੰ ਇਕ ਵਿਕਟ ਮਿਲੀ | ਦਿਨ ਦੇ ਖੇਡ ਦੇ ਅੰਤ ਤੱਕ ਇੰਗਲੈਂਡ ਨੇ ਦੂਜੀ ਪਾਰੀ 'ਚ ਤਿੰਨ ਵਿਕਟਾਂ 'ਤੇ 72 ਦੌੜਾਂ ਬਣਾ ਲਈਆਂ ਤੇ ਹੁਣ ਮੈਚ ਜਿੱਤਣ ਲਈ 536 ਹੋਰ ਦੌੜਾਂ ਬਣਾਉਣ ਦੀ ਲੋੜ ਹਨ | ਇਸ ਸਮੇਂ, ਓਲੀ ਪੋਪ 24 ਅਤੇ ਹੈਰੀ ਬਰੂਕ 15 ਦੌੜਾਂ ਨਾਲ ਕ੍ਰੀਜ਼ 'ਤੇ ਹਨ | ਭਾਰਤ ਨੇ ਚੌਥੇ ਦਿਨ 64 ਦੌੜਾਂ 'ਤੇ ਇਕ ਵਿਕਟ 'ਤੇ ਖੇਡਣਾ ਸ਼ੁਰੂ ਕੀਤਾ ਸੀ ਤੇ 427/6 ਦੌੜਾਂ 'ਤੇ ਪਾਰੀ ਐਲਾਨ ਦਿੱਤੀ | ਇੰਗਲੈਂਡ ਲਈ ਜੋਸ਼ ਟੋਂਗ ਤੇ ਸ਼ੋਏਬ ਬਸ਼ੀਰ ਨੇ 2-2 ਵਿਕਟਾਂ ਲਈਆਂ, ਜਦੋਂ ਕਿ ਬ੍ਰਾਇਡਨ ਕਾਰਸ ਅਤੇ ਜੋ ਰੂਟ ਨੂੰ ਇਕ-ਇਕ ਵਿਕਟ ਮਿਲੀ | ਹੁਣ ਮੈਚ ਦੇ ਆਖਰੀ ਦਿਨ ਇੰਗਲੈਂਡ 536 ਹੋਰ ਦੌੜਾਂ ਦੀ ਪ੍ਰਾਪਤੀ ਲਈ ਮੌਦਾਨ 'ਚ ਉਤਰੇਗਾ ਤੇ ਭਾਰਤ ਨੂੰ 7 ਵਿਕਟਾਂ ਦੀ ਤਲਾਸ਼ ਰਹੇਗੀ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ