ਸਰਕਾਰ ਦੀ ਲੈਂਡ ਪੂਲਿੰਗ ਨੀਤੀ ਖਿਲਾਫ਼ ਹਰ ਹਫ਼ਤੇ ਲਗਾਏ ਜਾਣਗੇ ਧਰਨੇ- ਸੁਖਬੀਰ ਸਿੰਘ ਬਾਦਲ

ਲੁਧਿਆਣਾ, 22 ਜੁਲਾਈ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੁਧਿਆਣਾ ਵਿਖੇ ਹੋਏ ਇਕੱਠ ਸੰਬੰਧੀ ਟਵੀਟ ਕਰ ਕਿਹਾ ਕਿ ਮੀਂਹ - ਹਨ੍ਹੇਰੀ ਕਦੇ ਅਕਾਲੀਆਂ ਨੂੰ ਨਹੀਂ ਠੱਲ੍ਹ ਸਕਦੇ । ਇਹ ਹੈ ਸ਼੍ਰੋਮਣੀ ਅਕਾਲੀ ਦਲ ਵਲੋਂ ਕੇਜਰੀਵਾਲ ਅਤੇ ਉਸ ਦੀ ਲੁਟੇਰੀ ਜੁੰਡਲੀ ਦੀ ਲਿਆਂਦੀ ਲੈਂਡ ਪੂਲਿੰਗ ਨੀਤੀ ਦੇ ਖਿਲਾਫ਼ ਡੀ. ਸੀ. ਦਫ਼ਤਰ ਲੁਧਿਆਣਾ ਵਿਖੇ ਵਰ੍ਹਦੇ ਭਾਰੀ ਮੀਂਹ ਵਿਚ ਲੱਗਿਆ ਧਰਨਾ।
ਉਨ੍ਹਾਂ ਕਿਹਾ ਕਿ ਮੈਂ ਧੰਨਵਾਦ ਕਰਦਾ ਹਾਂ ਪਾਰਟੀ ਦੇ ਸਾਰੇ ਲੀਡਰ ਅਤੇ ਵਰਕਰ ਸਾਹਿਬਾਨਾਂ ਦਾ ਜਿੰਨ੍ਹਾਂ ਨੇ ਇਸ ਧਰਨੇ ਨੂੰ ਆਪਣੇ ਜੋਸ਼ ਨਾਲ ਕਾਮਯਾਬ ਬਣਾਇਆ। ਉਨ੍ਹਾਂ ਐਲਾਨ ਕੀਤਾ ਕਿ ਸਰਕਾਰ ਦੀ ਇਸ ਲੁੱਟ ਖਿਲਾਫ਼ ਹਰ ਹਫ਼ਤੇ ਧਰਨੇ ਲਗਾਏ ਜਾਣਗੇ, ਅਗਲੇ ਦੋ ਧਰਨੇ - ਮੋਹਾਲੀ (28 ਜੁਲਾਈ) ਅਤੇ ਬਠਿੰਡਾ (4 ਅਗਸਤ) ਵਿਖੇ ਹੋਣਗੇ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੂਬੇ ਵਿਚ ਇਕ ਇੰਚ ਵੀ ਜ਼ਮੀਨ ਜ਼ਬਰਦਸਤੀ ਐਕਵਾਇਰ ਨਹੀਂ ਹੋਣ ਦੇਵੇਗਾ ਅਤੇ ਇਸ ਨੂੰ ਰੋਕਣ ਲਈ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹੈ।