ਰਾਜੌਰੀ ਜ਼ਿਲ੍ਹੇ 'ਚ ਬਾਰਿਸ਼ ਕਾਰਨ ਨਦੀਆਂ ਉਫਾਨ 'ਤੇ, ਪ੍ਰਸ਼ਾਸਨ ਵਲੋਂ ਲੋਕਾਂ ਨੂੰ ਐਡਵਾਈਜ਼ਰੀ ਜਾਰੀ

ਰਾਜੌਰੀ (ਜੰਮੂ-ਕਸ਼ਮੀਰ), 22 ਜੁਲਾਈ-ਰਾਜੌਰੀ ਜ਼ਿਲ੍ਹੇ ਵਿਚ ਮੋਹਲੇਧਾਰ ਬਾਰਿਸ਼ ਹੋਣ ਕਾਰਨ ਦਰਹਾਲੀ ਅਤੇ ਸਕਤੋਹ ਨਦੀਆਂ ਉਫਾਨ 'ਤੇ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ 21 ਤੋਂ 24 ਜੁਲਾਈ ਤੱਕ ਜ਼ਿਲ੍ਹੇ ਭਰ ਵਿਚ 'ਭਾਰੀ ਮੀਂਹ' ਹੋਣ ਦੀ IMD ਦੀ ਚਿਤਾਵਨੀ ਤੋਂ ਬਾਅਦ, ਜ਼ਿਲ੍ਹੇ ਲਈ ਇਕ ਮੌਸਮ ਸਲਾਹ ਜਾਰੀ ਕੀਤੀ ਹੈ।
ਰਾਜੌਰੀ ਜ਼ਿਲ੍ਹਾ ਪ੍ਰਸ਼ਾਸਨ ਨੇ ਜੰਮੂ ਅਤੇ ਕਸ਼ਮੀਰ ਪੁਲਿਸ ਦੀ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (SDRF) ਨੂੰ ਹਦਾਇਤ ਕੀਤੀ ਹੈ ਕਿ ਉਹ ਜ਼ਿਲ੍ਹੇ ਵਿਚ ਵਿਗੜਦੇ ਮੌਸਮ ਦੇ ਹਾਲਾਤ ਬਾਰੇ ਲੋਕਾਂ ਨੂੰ ਸਾਵਧਾਨ ਅਤੇ ਸੁਚੇਤ ਕਰਨ ਲਈ ਸਲਾਹਾਂ ਦਾ ਐਲਾਨ ਕਰਨ। ਐਸ.ਡੀ.ਆਰ.ਐਫ. ਟੀਮ ਦੇ ਇੰਚਾਰਜ, ਸਬ-ਇੰਸਪੈਕਟਰ ਮੁਹੰਮਦ ਅਸ਼ਰੀਫ ਚੌਧਰੀ ਨੇ ਐਲਾਨ ਕੀਤਾ ਕਿ ਨਦੀਆਂ, ਨਾਲਿਆਂ, ਪਹਾੜੀਆਂ 'ਤੇ ਗਿੱਲ੍ਹੀਆਂ ਥਾਵਾਂ ਜਾਂ ਸੜਕਾਂ ਦੇ ਨੇੜੇ ਨਾ ਜਾਓ ਜਿਥੇ ਜ਼ਮੀਨ ਖਿਸਕਣ ਦਾ ਖ਼ਤਰਾ ਹੈ। ਟ੍ਰੈਫਿਕ ਅਤੇ ਜ਼ਿਲ੍ਹਾ ਪੁਲਿਸ ਦੀਆਂ ਸਲਾਹਾਂ ਦੀ ਪਾਲਣਾ ਕਰੋ।
ਐਸ.ਡੀ.ਆਰ.ਐਫ. ਟੀਮ ਦੇ ਇੰਚਾਰਜ, ਸਬ-ਇੰਸਪੈਕਟਰ ਮੁਹੰਮਦ ਅਸ਼ਰੀਫ ਚੌਧਰੀ ਨੇ ਕਿਹਾ ਕਿ ਡਿਪਟੀ ਕੰਟਰੋਲਰ ਨੇ ਸਾਨੂੰ ਵੱਖ-ਵੱਖ ਥਾਵਾਂ 'ਤੇ ਘੋਸ਼ਣਾਵਾਂ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਕੋਈ ਵੀ ਕਿਸੇ ਵੀ ਹਾਦਸੇ ਦਾ ਸ਼ਿਕਾਰ ਨਾ ਹੋਵੇ। ਮੌਸਮ ਨੂੰ ਤਿੰਨ ਦਿਨਾਂ ਲਈ ਖ਼ਤਰਨਾਕ ਘੋਸ਼ਿਤ ਕੀਤਾ ਗਿਆ ਹੈ। ਅਸੀਂ ਲੋਕਾਂ ਨੂੰ ਜ਼ਿਲ੍ਹਾ ਪੁਲਿਸ ਅਤੇ ਟ੍ਰੈਫਿਕ ਪੁਲਿਸ ਦੀ ਸਲਾਹ ਅਨੁਸਾਰ ਯਾਤਰਾ ਕਰਨ ਦੀ ਅਪੀਲ ਕਰਦੇ ਹਾਂ। ਕਿਸੇ ਵੀ ਪਹਾੜੀ, ਨਦੀ, ਨਾਲੇ ਨੇੜੇ ਨਾ ਜਾਓ। ਪਹਾੜੀ ਖੇਤਰਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਬਾਰਿਸ਼ ਵਿਚ ਕਿਤੇ ਵੀ ਨਾ ਜਾਣ।