ਹਿਮਾਚਲ: ਖੱਡ ’ਚ ਡਿੱਗੀ ਕਾਰ, ਤਿੰਨ ਲੋਕਾਂ ਦੀ ਮੌਕੇ ’ਤੇ ਮੌਤ

ਮੰਡੀ, (ਹਿਮਾਚਲ ਪ੍ਰਦੇਸ਼), 4 ਅਗਸਤ- ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿਚ ਜੰਜੇਹਲੀ-ਛਤਰੀ ਸੜਕ ’ਤੇ ਮਗਰੂਗਾਲਾ ਅਤੇ ਮਝਵਾਲ ਦੇ ਵਿਚਕਾਰ ਸੈਣੀ ਨਾਲਾ ਨੇੜੇ ਇਕ ਆਲਟੋ ਕਾਰ ਡੂੰਘੀ ਖੱਡ ਵਿਚ ਡਿੱਗ ਗਈ। ਹਾਦਸੇ ਵਿਚ ਤਿੰਨ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਦੋ ਹੋਰ ਗੰਭੀਰ ਜ਼ਖਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਦੇਵਦੱਤ ਪਿੰਡ ਗਗਨ, ਮੰਗਲ ਚੰਦ ਪਿੰਡ ਤਰਾਲਾ ਅਤੇ ਆਸ਼ੂ ਪਿੰਡ ਧਵਨ ਵਜੋਂ ਹੋਈ ਹੈ। ਸਾਰੇ ਮ੍ਰਿਤਕ ਗ੍ਰਾਮ ਪੰਚਾਇਤ ਬ੍ਰੇਯੋਗੀ ਦੇ ਵਸਨੀਕ ਸਨ। ਜ਼ਖਮੀਆਂ ਵਿਚ ਡਰਾਈਵਰ ਗੁਮਾਨ ਸਿੰਘ ਪਿੰਡ ਕਲਿਆਣਜੂ ਅਤੇ ਲਾਭ ਸਿੰਘ ਪਿੰਡ ਗਗਨ ਸ਼ਾਮਿਲ ਹਨ। ਸਾਰਿਆਂ ਦੀ ਉਮਰ 35 ਤੋਂ 42 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ।
ਹਾਦਸੇ ਦਾ ਕਾਰਨ ਮੀਂਹ ਕਾਰਨ ਸੜਕ ਦੀ ਮਾੜੀ ਹਾਲਤ ਅਤੇ ਖੰਭੇ ਦਾ ਡਿੱਗਣਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਹਾਦਸੇ ਦਾ ਸ਼ਿਕਾਰ ਹੋਏ ਲੋਕ ਸੇਬ ਦੇ ਸੀਜ਼ਨ ਲਈ ਸ਼ੰਕਰਡੇਹਰਾ ਗਏ ਸਨ ਅਤੇ ਐਤਵਾਰ ਸ਼ਾਮ ਨੂੰ ਵਾਪਸ ਆ ਰਹੇ ਸਨ। ਹਾਦਸਾ ਰਾਤ ਨੂੰ ਹੋਇਆ, ਪਰ ਇਸ ਦੀ ਜਾਣਕਾਰੀ ਸਵੇਰੇ ਮਿਲੀ। ਸਥਾਨਕ ਲੋਕ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਬਾਹਰ ਕੱਢਿਆ ਅਤੇ ਇਲਾਜ ਲਈ ਹਸਪਤਾਲ ਭੇਜ ਦਿੱਤਾ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਤੁਰੰਤ ਮੌਕੇ ’ਤੇ ਰਵਾਨਾ ਹੋ ਗਈ। ਇਸ ਘਟਨਾ ਨਾਲ ਬ੍ਰੇਯੋਗੀ ਸਮੇਤ ਪੂਰੇ ਛੱਤਰੀ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ।