ਧੁੱਸੀ ਬੰਨਾ ਤੋਂ ਪਾਣੀ ਉੱਪਰ ਹੋਣ ਦੇ ਕਾਰਨ ਇਲਾਕੇ ਦੇ ਲੋਕਾਂ ’ਚ ਸਹਿਮ ਦਾ ਮਾਹੌਲ

ਭੰਗਾਲਾ, (ਹੁਸ਼ਿਆਰਪੁਰ), 12 ਅਗਸਤ (ਬਲਵਿੰਦਰਜੀਤ ਸਿੰਘ ਸੈਣੀ)- ਉਪ ਮੰਡਲ ਮੁਕੇਰੀਆਂ ਅਧੀਨ ਪੈਂਦੇ ਪਿੰਡ ਮਹਿਤਾਬਪੁਰ ਵਿਖੇ ਵਗਦੇ ਬਿਆਸ ਦਰਿਆ ਵਿਚ ਪੋਂਗ ਡੈਮ ਤਲਵਾੜਾ ਤੋਂ ਛੱਡੇ ਗਏ ਪਾਣੀ ਕਾਰਨ ਦਰਿਆ ਦਾ ਪੱਧਰ ਉੱਚਾ ਹੋਣ ਕਾਰਨ ਨਾਲ ਲਗਦੇ ਪਿੰਡਾਂ ਵਿਚ ਹੜ੍ਹ ਦਾ ਖਤਰਾ ਬਣ ਗਿਆ ਹੈ ਤੇ ਪਾਣੀ ਧੁੱਸੀ ਬੰਨਣ ਨੂੰ ਲਗਭਗ ਪਾਰ ਕਰਨ ਦੇ ਕੰਢੇ ਦੇ ਖਤਰੇ ਕਾਰਨ ਨੇੜਲੇ ਪਿੰਡਾਂ ਵਿਚ ਸਹਿਮ ਦਾ ਮਾਹੌਲ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਪੰਚ ਮਨਜਿੰਦਰ ਸਿੰਘ ਲੰਬਰਦਾਰ ਬਹਾਦਰ ਸਿੰਘ, ਲੰਬੜਦਾਰ ਤਰਸੇਮ ਸਿੰਘ, ਬਬਲਾ ਕਰੋੜਪਤੀ ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਬਿਆਸ ਦਰਿਆ ਦਾ ਪੱਧਰ ਉੱਚਾ ਹੋਣ ਕਾਰਨ ਪਿੰਡ ਦੀਆਂ ਧੁੱਸੀ ਬੰਨ੍ਹ ਤੋਂ ਪਾਣੀ ਬਾਹਰ ਆਉਣਾ ਸ਼ੁਰੂ ਹੋ ਗਿਆ ਹੈ।
ਉਹਨਾਂ ਕਿਹਾ ਕਿ ਦੋ ਸਾਲ ਪਹਿਲਾਂ ਬਿਆਸ ਦਰਿਆ ਵਿਚ ਪਾਣੀ ਦਾ ਪੱਧਰ ਉੱਚਾ ਹੋਣ ਕਾਰਨ ਪਿੰਡ ਵਿਚ ਹੜ ਆ ਗਿਆ ਸੀ, ਜਿਸ ਕਾਰਨ ਪਿੰਡ ਮਹਿਤਾਬਪੁਰ ਦੀਆਂ ਤਿੰਨ ਥਾਵਾਂ ਤੋਂ ਧੁੱਸੀ ਟੁੱਟ ਗਈ ਸੀ ਤੇ ਹੁਣ ਇਨ੍ਹਾਂ ਤੋਂ ਫਿਰ ਪਾਣੀ ਬਾਹਰ ਆਉਣਾ ਸ਼ੁਰੂ ਹੋ ਗਿਆ ਹੈ ਪਰ ਮੌਕੇ ’ਤੇ ਪਿੰਡ ਵਾਸੀਆਂ ਵਲੋਂ ਆਪਣੇ ਖੇਤਾਂ ਵਿਚੋਂ ਮਿੱਟੀ ਪਟਾ ਕੇ ਧੁਸੀਆਂ ’ਤੇ ਪਾਉਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਇਕ ਜੇ. ਸੀ. ਬੀ. ਦਿੱਤੀ ਗਈ ਹੈ। ਬਾਕੀ ਸਾਧਨ ਅਸੀਂ ਆਪਣੇ ਵਰਤ ਰਹੇ ਹਾਂ। ਇਸ ਮੌਕੇ ਪ੍ਰਸ਼ਾਸਨ ਤੋਂ ਮੰਗ ਕੀਤੀ ਕੀ ਸਾਡੀਆਂ ਧੁੱਸੀਆ ਪੱਕੇ ਤੌਰ ’ਤੇ ਬਣਾਈਆਂ ਜਾਣ ਤਾਂ ਜੋ ਹਰ ਸਾਲ ਸਾਨੂੰ ਹੜ੍ਹ ਦੀ ਮਾਰ ਨਾ ਝੱਲਣੀ ਪਵੇ।