ਮੋਗਾ ਜ਼ਿਲ੍ਹੇ ਦੇ ਚਾਰ ਸ਼ਰਧਾਲੂਆਂ ਦੀ ਸੜਕ ਹਾਦਸੇ ਦੌਰਾਨ ਹੋਈ ਮੌਤ

ਨਿਹਾਲ ਸਿੰਘ ਵਾਲਾ (ਮੋਗਾ), 15 ਅਗਸਤ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖ਼ਾਲਸਾ) - ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ 'ਚ ਚਾਮੁੰਡਾ ਧਰਮਸ਼ਾਲਾ ਸੜਕੀ ਹਾਦਸੇ ਦੌਰਾਨ ਮੋਗਾ ਜ਼ਿਲ੍ਹੇ ਦੇ ਪਿੰਡ ਭਾਗੀਕੇ ਦੇ ਚਾਰ ਸ਼ਰਧਾਲੂਆਂ ਦੀ ਮੌਤ ਹੋ ਜਾਣ ਅਤੇ 29 ਦੇ ਕਰੀਬ ਸ਼ਰਧਾਲੂਆਂ ਦੀ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਹਾਦਸੇ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਭਾਗੀਕੇ ਦੇ ਸਰਪੰਚ ਸੁਖਦੀਪ ਸਿੰਘ ਨੇ ਦੱਸਿਆ ਕਿ ਪਿੰਡ ਭਾਗੀਕੇ ਤੋਂ ਕੁਝ ਸ਼ਰਧਾਲੂ ਮਹਿੰਦਰਾ ਪਿਕ ਅੱਪ ਗੱਡੀ ਵਿੱਚ ਸਵਾਰ ਹੋ ਕੇ ਚਾਮੁੰਡਾ ਦੇਵੀ ਮੰਦਰ ਦਰਸ਼ਨ ਕਰਨ ਲਈ ਗਏ ਸਨ। ਦਰਸ਼ਨ ਕਰਨ ਤੋਂ ਸ਼ਰਧਾਲੂਆਂ ਨਾਲ ਭਰੀ ਮਹਿੰਦਰਾ ਪਿਕ ਅੱਪ ਗੱਡੀ ਵਾਪਸ ਭਾਗੀਕੇ ਆਉਣ ਸਮੇਂ ਚਾਮੁੰਡਾ ਧਰਮਸ਼ਾਲਾ ਮਾਰਗ 'ਤੇ ਹੋਏ ਸੜਕੀ ਹਾਦਸੇ 'ਚ ਇਕ ਔਰਤ ਦੀ ਮੌਕੇ 'ਤੇ ਮੌਤ ਹੋ ਗਈ ਜਦੋਂ ਕਿ ਤਿੰਨ ਹੋਰ ਸ਼ਰਧਾਲੂਆਂ (ਇਕ ਔਰਤ ਅਤੇ ਦੋ ਆਦਮੀਆਂ) ਦੀ ਰਜਿੰਦਰਾ ਪ੍ਰਸਾਦ ਮੈਡੀਕਲ ਕਾਲਜ ਅਤੇ ਹਸਪਤਾਲ ਟਾਂਡਾ ਵਿਖੇ ਇਲਾਜ ਦੌਰਾਨ ਮੌਤ ਹੋ ਚੁੱਕੀ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਭਾਗੀਕੇ ਵਿਖੇ ਸੋਗ ਦੀ ਲਹਿਰ ਦੌੜ ਗਈ।