ਅਫ਼ਗਾਨਿਸਤਾਨ: ਅੱਧੀ ਰਾਤ ਆਇਆ ਭੁਚਾਲ, 600 ਤੋਂ ਵੱਧ ਲੋਕਾਂ ਦੀ ਮੌਤ

ਕਾਬੁਲ, 1 ਸਤੰਬਰ- ਅਫ਼ਗਾਨਿਸਤਾਨ ਵਿਚ ਐਤਵਾਰ ਅੱਧੀ ਰਾਤ 11:47 (ਸਥਾਨਕ ਸਮੇਂ) ’ਤੇ ਰੈਕਟਰ ਪੈਮਾਨੇ ’ਤੇ 6 ਦੀ ਤੀਬਰਤਾ ਦਾ ਭੁਚਾਲ ਆਇਆ। ਇਸ ਵਿਚ ਹੁਣ ਤੱਕ 622 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 1500 ਤੋਂ ਵੱਧ ਲੋਕ ਜ਼ਖਮੀ ਹਨ। ਭੁਚਾਲ ਦੇ ਸਮੇਂ ਜ਼ਿਆਦਾਤਰ ਲੋਕ ਸੌਂ ਰਹੇ ਸਨ, ਜਿਸ ਕਾਰਨ ਉਹ ਇਮਾਰਤਾਂ ਦੇ ਮਲਬੇ ਹੇਠ ਦੱਬ ਗਏ। ਸ਼ਹਿਰ ਵਿਚ ਸਾਰੀ ਰਾਤ ਝਟਕੇ ਮਹਿਸੂਸ ਕੀਤੇ ਗਏ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ।
ਅਮਰੀਕੀ ਭੂ-ਵਿਗਿਆਨ ਸਰਵੇਖਣ ਦੇ ਅਨੁਸਾਰ, ਭੂਚਾਲ 2 ਲੱਖ ਦੀ ਆਬਾਦੀ ਵਾਲੇ ਜਲਾਲਾਬਾਦ ਸ਼ਹਿਰ ਤੋਂ ਲਗਭਗ 17 ਮੀਲ ਦੂਰ ਆਇਆ। ਇਹ ਰਾਜਧਾਨੀ ਕਾਬੁਲ ਤੋਂ 150 ਕਿਲੋਮੀਟਰ ਦੂਰ ਹੈ।
ਭੁਚਾਲ ਦੇ ਝਟਕੇ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਅਤੇ ਪੰਜਾਬ ਪ੍ਰਾਂਤਾਂ ਵਿਚ ਵੀ ਮਹਿਸੂਸ ਕੀਤੇ ਗਏ। ਇਸ ਦੇ ਨਾਲ ਹੀ ਭਾਰਤ ਦੇ ਗੁਰੂਗ੍ਰਾਮ ਵਿਚ ਵੀ ਹਲਕੇ ਝਟਕੇ ਮਹਿਸੂਸ ਕੀਤੇ ਗਏ।
ਪੂਰਬੀ ਅਫਗਾਨਿਸਤਾਨ ਵਿਚ ਪਾਕਿਸਤਾਨ ਦੀ ਸਰਹੱਦ ਦੇ ਨੇੜੇ ਇਸ ਸ਼ਕਤੀਸ਼ਾਲੀ ਭੁਚਾਲ ਨੇ ਕਈ ਪਿੰਡ ਤਬਾਹ ਕਰ ਦਿੱਤੇ ਹਨ। ਖੇਤਰ ਵਿਚ ਵੱਡਾ ਨੁਕਸਾਨ ਹੋਇਆ ਹੈ। ਖੋਜ ਅਤੇ ਬਚਾਅ ਟੀਮਾਂ ਵਲੋਂ ਬਚਾਅ ਕਾਰਜ ਕੀਤੇ ਜਾ ਰਹੇ ਹਨ।