ਪ੍ਰਧਾਨ ਮੰਤਰੀ ਮੋਦੀ ਤੇ ਰੂਸੀ ਰਾਸ਼ਟਰਪਤੀ ਵਿਚਾਲੇ ਕਾਰ ’ਚ ਅਹਿਮ ਗੱਲਬਾਤ

ਬੀਜਿੰਗ, 1 ਸਤੰਬਰ- ਐਸ.ਸੀ.ਓ. ਸੰਮੇਲਨ ਤੋਂ ਬਾਅਦ, ਪ੍ਰਧਾਨ ਮੰਤਰੀ ਮੋਦੀ ਅਤੇ ਰੂਸੀ ਰਾਸ਼ਟਰਪਤੀ ਪੁਤਿਨ ਦੁਵੱਲੀ ਗੱਲਬਾਤ ਲਈ ਰਵਾਨਾ ਹੋ ਗਏ। ਖਾਸ ਗੱਲ ਇਹ ਸੀ ਕਿ ਪੁਤਿਨ ਮੋਦੀ ਨੂੰ ਆਪਣੀ ਲਗਜ਼ਰੀ ਕਾਰ ਲਿਮੋਜ਼ਿਨ ਵਿਚ ਨਾਲ ਲੈ ਗਏ। ਰਸਤੇ ਵਿਚ ਦੋਵਾਂ ਨੇਤਾਵਾਂ ਵਿਚਕਾਰ ਅਹਿਮ ਗੱਲਬਾਤ ਜਾਰੀ ਰਹੀ।
ਹੋਟਲ ਪਹੁੰਚਣ ਤੋਂ ਬਾਅਦ ਵੀ, ਉਹ ਕਾਰ ਤੋਂ ਬਾਹਰ ਨਹੀਂ ਉਤਰੇ ਅਤੇ ਲਗਭਗ 50 ਮਿੰਟ ਤੱਕ ਗੱਲਾਂ ਕਰਦੇ ਰਹੇ। ਰੂਸ ਵਲੋਂ ਇਹ ਜਾਣਕਾਰੀ ਦਿੱਤੀ ਗੀ। ਬਾਅਦ ਵਿਚ, ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਵੀ ਪੁਸ਼ਟੀ ਕੀਤੀ ਕਿ ਦੋਵਾਂ ਨੇਤਾਵਾਂ ਨੇ ਕਾਰ ਵਿਚ ਲਗਭਗ ਇਕ ਘੰਟਾ ਗੱਲਬਾਤ ਕੀਤੀ।
ਮਾਸਕੋ ਦੇ ਰਾਜਨੀਤਿਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਕਾਰ ਵਿਚ ਇਹ ਚਰਚਾ ਸ਼ਾਇਦ ਦੋਵਾਂ ਨੇਤਾਵਾਂ ਵਿਚਕਾਰ ਸਭ ਤੋਂ ਮਹੱਤਵਪੂਰਨ ਅਤੇ ਗੁਪਤ ਗੱਲਬਾਤ ਸੀ, ਜਿਸ ਵਿਚ ਉਹ ਮੁੱਦੇ ਸ਼ਾਮਿਲ ਸਨ ਜਿਨ੍ਹਾਂ ’ਤੇ ਜਨਤਕ ਤੌਰ ’ਤੇ ਚਰਚਾ ਨਹੀਂ ਕੀਤੀ ਜਾਣੀ ਚਾਹੀਦੀ ਸੀ।