ਘਰੇਲੂ ਲੜਾਈ 'ਚ ਗੁਟਕਾ ਸਾਹਿਬ ਕੀਤਾ ਅਗਨ ਭੇਟ
ਜਗਰਾਉਂ (ਲੁਧਿਆਣਾ), 20 ਸਤੰਬਰ (ਕੁਲਦੀਪ ਸਿੰਘ ਲੋਹਟ)-ਜਗਰਾਉਂ ਦੇ ਥਾਣਾ ਹਠੂਰ ਦੀ ਪੁਲਿਸ ਨੇ ਨਹੁੰ-ਸੱਸ ਦੀ ਲੜਾਈ ਦੇ ਟਕਰਾਅ 'ਚ ਗੁਟਕਾ ਸਾਹਿਬ ਨੂੰ ਅਗਨ ਭੇਟ ਕਰਨ ਦੇ ਮਾਮਲੇ ਦੇ ਦੋਸ਼ 'ਚ ਔਰਤ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਘਟਨਾ ਥਾਣਾ ਹਠੂਰ ਦੇ ਪਿੰਡ ਚੱਕ ਭਾਈਕਾ ਦੀ ਹੈ, ਜਿਥੇ ਪੰਚਾਇਤ ਮੈਂਬਰ ਛਿੰਦਰ ਕੌਰ ਤੇ ਉਸਦੀ ਨਹੁੰ ਵਿਚਾਲੇ ਘਰੇਲੂ ਕਾਟੋ-ਕਲੇਸ਼ ਚੱਲਦਾ ਆ ਰਿਹਾ ਸੀ ਤੇ ਅੱਜ ਇਹ ਘਰੇਲੂ ਕਲੇਸ਼ ਇਕ ਵੱਡੇ ਵਿਵਾਦ ਦਾ ਕਾਰਨ ਬਣ ਗਿਆ। ਥਾਣਾ ਹਠੂਰ ਦੇ ਐਸ.ਐਚ.ਓ. ਕੁਲਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਚੱਕਭਾਈਕਾ ਦੇ ਇਕ ਪਰਿਵਾਰ ਦੀ ਨਹੁੰ ਹਰਜੋਤ ਕੌਰ ਨੇ ਆਪਣੀ ਸੱਸ ਛਿੰਦਰ ਕੌਰ ਜੋ ਕਿ ਮੌਜੂਦਾ ਪੰਚਾਇਤ ਮੈਂਬਰ ਵੀ ਹੈ ਤੇ ਦੋਸ਼ ਲਾਏ ਹਨ ਕਿ ਉਸਦੀ ਸੱਸ ਨੇ ਉਸਦੇ (ਹਰਜੋਤ ਕੌਰ) ਦੇ ਹੱਥੋਂ ਸ੍ਰੀ ਗੁਟਕਾ ਸਾਹਿਬ ਖੋਹ ਲਿਆ ਅਤੇ ਗੁਟਕਾ ਸਾਹਿਬ ਨੂੰ ਅਗਨ ਭੇਟ ਕਰ ਦਿੱਤਾ।