ਘਰੇਲੂ ਕਲੇਸ਼ ਤੋਂ ਪ੍ਰੇਸ਼ਾਨ ਮਹਿਲ ਕਲਾਂ ਦੇ ਨੌਜਵਾਨ ਨੇ ਆਸਟ੍ਰੇਲੀਆ 'ਚ ਕੀਤੀ ਖ਼ੁਦਕੁਸ਼ੀ

ਮਹਿਲ ਕਲਾਂ (ਬਰਨਾਲਾ), 28 ਸਤੰਬਰ (ਅਵਤਾਰ ਸਿੰਘ ਅਣਖੀ) - ਕਸਬਾ ਮਹਿਲ ਕਲਾਂ (ਬਰਨਾਲਾ) ਨਾਲ ਸੰਬੰਧਿਤ 41 ਸਾਲਾ ਨੌਜਵਾਨ ਸਰਬਜੀਤ ਸਿੰਘ ਉਰਫ਼ ਸਰਬਾ ਪੁੱਤਰ ਰਣਜੀਤ ਸਿੰਘ ਨੰਬਰਦਾਰ ਵੱਲੋਂ ਆਸਟ੍ਰੇਲੀਆ ਦੇ ਐਡੀਲੇਡ ਸ਼ਹਿਰ ਵਿਚ ਖ਼ੁਦਕੁਸ਼ੀ ਕਰਨ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ।
ਪਰਿਵਾਰਕ ਮੈਂਬਰਾਂ ਮੁਤਾਬਕ, ਸਰਬਜੀਤ ਸਿੰਘ 2015 ਵਿਚ ਵਿਆਹ ਤੋਂ ਬਾਅਦ ਸਪਾਊਸ ਵੀਜ਼ੇ ਰਾਹੀਂ ਆਸਟ੍ਰੇਲੀਆ ਗਿਆ ਸੀ। ਉਹ ਦੋ ਬੱਚਿਆਂ ਦਾ ਪਿਤਾ ਸੀ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਦੋਵਾਂ ਜੀਆਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਅਣਬਣ ਰਹਿਣ ਲੱਗੀ, ਇਹ ਗੱਲ ਇਥੋਂ ਤੱਕ ਵਧ ਗਈ ਕਿ ਉਸ ਦੀ ਪਤਨੀ ਨੇ ਬੀਤੀ 17 ਜੂਨ ਨੂੰ ਉਸ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ। ਉਹ ਬੀਤੀ 4 ਸਤੰਬਰ ਨੂੰ ਹਿਰਾਸਤ ਚੋਂ ਬਾਹਰ ਆਇਆ। ਇਸ ਸਭ ਕਾਸੇ ਤੋਂ ਸਰਬਜੀਤ ਸਿੰਘ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿਣ ਲੱਗਿਆ। ਬੀਤੀ ਰਾਤ ਉਸ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਪਰਿਵਾਰ ਨੇ ਦੋਸ਼ ਲਗਾਇਆ ਕਿ ਉਸ ਦੀ ਪਤਨੀ ਵਲੋਂ ਉਸ ਨੂੰ ਬੱਚਿਆਂ ਤੋਂ ਵੱਖ ਕੀਤਾ ਗਿਆ ਅਤੇ ਉਸ ਦੀ 12 ਸਾਲਾਂ ਦੀ ਕਮਾਈ ਵੀ ਆਪਣੇ ਨਾਂ ਟਰਾਂਸਫ਼ਰ ਕਰ ਲਈ ਗਈ। ਇਨ੍ਹਾਂ ਗੱਲਾਂ ਦਾ ਝੋਰਾ ਉਸ ਨੂੰ ਅੰਦਰੋਂ ਹੀ ਅੰਦਰ ਖਾਂਦਾ ਗਿਆ।
ਪਰਿਵਾਰ ਨੇ ਬਹੁਤ ਕੋਸ਼ਿਸ਼ ਕੀਤੀ ਕਿ ਉਹ ਪਿੰਡ ਵਾਪਸ ਆ ਕੇ ਆਪਣੀ ਮਾਨਸਿਕ ਹਾਲਤ ਨੂੰ ਸਥਿਰ ਕਰੇ, ਪਰ ਉਹ ਆਪਣੇ ਬੱਚਿਆਂ ਕੋਲੋਂ ਦੂਰ ਨਹੀਂ ਸੀ ਹੋਣਾ ਚਾਹੁੰਦਾ। ਸਰਬਜੀਤ ਸਿੰਘ ਦੀ ਅਚਾਨਕ ਮੌਤ ਦੀ ਖ਼ਬਰ ਨਾਲ ਸਾਰੇ ਪਿੰਡ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਇਸ ਮੌਕੇ ‘ਤੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਵੱਖ-ਵੱਖ ਆਗੂਆਂ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਭਰੋਸਾ ਦਿੱਤਾ ਹੈ ਕਿ ਲਾਸ਼ ਨੂੰ ਭਾਰਤ ਲਿਆਉਣ ਵਿਚ ਪੂਰੀ ਮਦਦ ਕੀਤੀ ਜਾਵੇਗੀ। ਨਾਲ ਹੀ, ਪਰਿਵਾਰ ਨੂੰ ਹਰੇਕ ਪੱਖੋਂ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।