ਸ਼੍ਰੋਮਣੀ ਅਕਾਲੀ ਦਲ ਵਲੋਂ ਵਿਧਾਨ ਸਭਾ ਹਲਕਾ ਪੱਟੀ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ 10 ਟਰੱਕ ਪਸ਼ੂਆਂ ਦੇ ਚਾਰੇ ਦੇ ਵੰਡੇ

ਹਰੀਕੇ ਪੱਤਣ , 28 ਸਤੰਬਰ (ਸੰਜੀਵ ਕੁੰਦਰਾ) - ਹਰੀਕੇ ਹੈੱਡ ਵਰਕਸ ਤੋਂ ਡਾਊਨ ਸਟਰੀਮ ਨੂੰ ਛੱਡੇ ਪਾਣੀ ਕਾਰਨ ਹਰੀਕੇ ਹਥਾੜ ਖੇਤਰ ਵਿਚ ਹੜ੍ਹਾਂ ਨੇ ਕਿਸਾਨਾਂ ਦੀਆਂ ਫ਼ਸਲਾਂ ਅਤੇ ਜ਼ਮੀਨਾਂ ਬਰਬਾਦ ਕਰ ਦਿੱਤੀਆਂ ਸਨ। ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਜੋ ਹੜ੍ਹਾਂ ਦੀ ਮਾਰ ਹੇਠ ਆਏ ਹਨ ਦੇ ਹੜ ਪ੍ਰਭਾਵਿਤ ਕਿਸਾਨਾਂ ਲਈ ਸ਼੍ਰੋਮਣੀ ਅਕਾਲੀ ਦਲ ਵਲੋਂ ਪਸ਼ੂਆਂ ਦੇ ਚਾਰੇ ਦੇ 10 ਟਰੱਕ ਭੇਜੇ ਗਏ।ਇਸ ਮੌਕੇ ਸਾਬਕਾ ਪਾਰਲੀਮਾਨੀ ਸਕੱਤਰ ਮਨਤਾਰ ਸਿੰਘ ਬਰਾੜ ਇਹ ਚਾਰੇ ਦੇ ਟਰੱਕ ਲੈ ਕੇ ਦਾਣਾ ਮੰਡੀ ਹਰੀਕੇ ਵਿਖੇ ਪੁੱਜੇ।ਇਸ ਮੌਕੇ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਆਗੂ ਅਤੇ ਵਰਕਰ ਵੀ ਹਾਜ਼ਰ ਸਨ।
ਇਸ ਮੌਕੇ ਮਨਤਾਰ ਸਿੰਘ ਬਰਾੜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੋ ਕਿ ਪਿਛਲੇ ਦਿਨੀਂ ਹਰੀਕੇ ਹਥਾੜ ਖੇਤਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਦੌਰੇ ਦੌਰਾਨ ਲੋਕਾਂ ਦੀ ਸਹਾਇਤਾ ਲਈ ਪੁੱਜੇ ਸਨ ਤੇ ਲੋਕਾਂ ਦੀ ਮਾਲੀ ਮਦਦ ਵੀ ਕੀਤੀ ਸੀ।ਉਸ ਸਮੇਂ ਹੜ੍ਹ ਪ੍ਰਭਾਵਿਤ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਲੋਕਾਂ ਨੂੰ ਪਸ਼ੂਆਂ ਦਾ ਚਾਰਾ ਅਤੇ ਜ਼ਮੀਨਾਂ ਨੂੰ ਪੱਧਰ ਕਰਨ ਲਈ ਡੀਜ਼ਲ ਅਤੇ ਟਰੈਕਟਰ ਭੇਜੇ ਜਾਣਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਇੰਨਾ ਹੜ੍ਹ ਪ੍ਰਭਾਵਿਤ ਕਿਸਾਨਾਂ ਦੀ ਬਾਂਹ ਫੜਦਿਆਂ ਅੱਜ 10 ਟਰੱਕ ਪਸ਼ੂਆਂ ਦੇ ਚਾਰੇ ਦੇ ਭੇਜੇ ਗਏ ਹਨ ਜੋ ਅੱਜ ਕਿਸਾਨਾਂ ਨੂੰ ਵੰਡਿਆ ਜਾ ਰਿਹਾ ਹੈ। ਇਸ ਮੌਕੇ ਕੰਵਲਪ੍ਰੀਤ ਸਿੰਘ ਗਿੱਲ ਪੱਟੀ, ਠੇਕੇਦਾਰ ਸ਼ਿੰਗਾਰ ਸਿੰਘ ਸਭਰਾ, ਸਾਬਕਾ ਚੇਅਰਮੈਨ ਜਸਬੀਰ ਸਿੰਘ ਢੋਟੀਆਂ,ਡਾ. ਜੋਗਾ ਸਿੰਘ ਹਰੀਕੇ,ਡਾ. ਰਾਜਿੰਦਰ ਸਿੰਘ ਸਭਰਾ, ਰੇਸ਼ਮ ਸਿੰਘ ਸਾਬਕਾ ਸਰਪੰਚ, ਤੇਜਿੰਦਰ ਸਿੰਘ ਕਾਲਾ ਹਰੀਕੇ ਤੇ ਹੀਰਾ ਲਾਲ ਭਾਟੀਆ ਆਦਿ ਹਾਜ਼ਰ ਸਨ।