ਸੜਕ ’ਤੇ ਖੜੀ ਖ਼ਰਾਬ ਗੱਡੀ ਨਾਲ ਬੱਸ ਦੀ ਭਿਆਨਕ ਟੱਕਰ


ਫਗਵਾੜਾ, (ਕਪੂਰਥਲਾ), 14 (ਹਰਜੋਤ ਸਿੰਘ ਚਾਨਾ)- ਫਗਵਾੜਾ ਸ਼ਹਿਰ ਦੇ ਜਮਾਲਪੁਰ ਨੇੜੇ ਅੱਜ ਸਵੇਰੇ ਇਕ ਪੰਜਾਬ ਰੋਡਵੇਜ਼ ਬੱਸ ਦੀ ਸੜਕ ’ਤੇ ਖੜੀ ਖ਼ਰਾਬ ਗੱਡੀ ਨਾਲ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਬੱਸ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ, ਜਦਕਿ ਬੱਸ ਵਿਚ ਸਵਾਰ ਕਈ ਸਵਾਰੀਆਂ ਅਤੇ ਡਰਾਈਵਰ ਪ੍ਰਭਜਿੰਦਰ ਸਿੰਘ ਨੂੰ ਗੰਭੀਰ ਸੱਟਾਂ ਵੱਜੀਆਂ ਹਨ।
ਰਾਹਗੀਰਾਂ ਨੇ ਦੱਸਿਆ ਕਿ ਇਕ ਗੱਡੀ, ਜੋ ਸਬਜ਼ੀਆਂ ਲੈ ਕੇ ਜਾ ਰਹੀ ਸੀ, ਉਸ ਦਾ ਟਾਇਰ ਰਾਹ ਵਿਚ ਖੁੱਲ੍ਹ ਜਾਣ ਕਾਰਨ ਗੱਡੀ ਸੜਕ ਦੇ ਵਿਚਕਾਰ ਰੁਕ ਗਈ। ਇਸ ਦੌਰਾਨ ਪਿੱਛੇ ਤੋਂ ਤੇਜ਼ ਰਫ਼ਤਾਰ ਨਾਲ ਆ ਰਹੀ ਰੋਡਵੇਜ਼ ਬੱਸ ਅਚਾਨਕ ਉਸ ਨਾਲ ਟਕਰਾ ਗਈ, ਜਿਸ ਨਾਲ ਇਹ ਦਰਦਨਾਕ ਹਾਦਸਾ ਵਾਪਰ ਗਿਆ।
ਬੱਸ ਡਰਾਈਵਰ ਪ੍ਰਭਜਿੰਦਰ ਸਿੰਘ ਨੇ ਦੱਸਿਆ ਕਿ ਉਹ ਲੁਧਿਆਣਾ ਤੋਂ ਜਲੰਧਰ ਜਾ ਰਹੇ ਸਨ ਕਿ ਅਚਾਨਕ ਅੱਗੇ ਜਾ ਰਹੀ ਇਕ ਹੋਰ ਕਾਰ ਨੇ ਬ੍ਰੇਕ ਲਗਾ ਦਿੱਤੀ, ਜਿਸ ਨਾਲ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਟੱਕਰ ਹੋ ਗਈ। ਹਾਦਸੇ ਵਿਚ ਜ਼ਖ਼ਮੀ ਸਵਾਰੀਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਹੈ।
ਹਾਦਸੇ ਦੀ ਜਾਣਕਾਰੀ ਮਿਲਦੇ ਹੀ ਸਥਾਨਕ ਲੋਕ ਮੌਕੇ ’ਤੇ ਇਕੱਠੇ ਹੋ ਗਏ ਅਤੇ ਜ਼ਖ਼ਮੀਆਂ ਦੀ ਮਦਦ ਲਈ ਅੱਗੇ ਆਏ। ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।