JALANDHAR WEATHER

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ ਅੰਮ੍ਰਿਤਸਰ ਤੋਂ ਫ਼ਤਹਿਗੜ੍ਹ ਸਾਹਿਬ ਲਈ ਮੁਫ਼ਤ ਬੱਸ ਸੇਵਾ ਦੀ ਸ਼ੁਰੂਆਤ

ਅੰਮ੍ਰਿਤਸਰ, 15 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 4 ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸ਼ਰਧਾਂਜਲੀ ਵਜੋਂ ਹਲਕਾ ਉੱਤਰੀ ਦੇ ਭਾਜਪਾ ਨੇਤਾ ਅਕਸ਼ੈ ਸ਼ਰਮਾ ਵਲੋਂ ਵਿਸ਼ੇਸ਼ ਮੁਫ਼ਤ ਬੱਸ ਸੇਵਾ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਸੇਵਾ 20 ਦਸੰਬਰ ਤੋਂ 27 ਦਸੰਬਰ ਤੱਕ ਹਰ ਰੋਜ਼ ਚਲਾਈ ਜਾਵੇਗੀ, ਜਿਸ ਤਹਿਤ ਸੰਗਤ ਨੂੰ ਅੰਮ੍ਰਿਤਸਰ ਤੋਂ ਸ੍ਰੀ ਫ਼ਤਹਿਗੜ੍ਹ ਸਾਹਿਬ ਅਤੇ ਵਾਪਸ ਅੰਮ੍ਰਿਤਸਰ ਲਿਆਂਦਾ ਜਾਵੇਗਾ।

ਇਸ ਪਵਿੱਤਰ ਯਾਤਰਾ ਦਾ ਮੁੱਖ ਉਦੇਸ਼ ਸੰਗਤ ਨੂੰ ਦਰਸ਼ਨਾਂ ਦਾ ਅਵਸਰ ਪ੍ਰਦਾਨ ਕਰਨ ਦੇ ਨਾਲ-ਨਾਲ ਨਵੀਂ ਪੀੜ੍ਹੀ ਨੂੰ ਸਿੱਖ ਇਤਿਹਾਸ ਦੀ ਮਹਾਨ ਵਿਰਾਸਤ ਨਾਲ ਜੋੜਨਾ ਹੈ। ਅਕਸ਼ੈ ਸ਼ਰਮਾ ਨੇ ਕਿਹਾ ਕਿ ਜਿਸ ਉਮਰ ਵਿਚ ਬੱਚੇ ਆਪਣੇ ਮਾਤਾ-ਪਿਤਾ ਦੇ ਸਹਾਰੇ ਜੀਵਨ ਨੂੰ ਸਮਝਣਾ ਸ਼ੁਰੂ ਕਰਦੇ ਹਨ, ਉਸ ਨਿੱਕੀ ਉਮਰ ਵਿਚ 4 ਸਾਹਿਬਜ਼ਾਦਿਆਂ ਨੇ ਧਰਮ ਅਤੇ ਮਨੁੱਖਤਾ ਦੀ ਰੱਖਿਆ ਲਈ ਆਪਣੇ ਪ੍ਰਾਣ ਨਿਓਛਾਵਰ ਕਰ ਦਿੱਤੇ। ਉਨ੍ਹਾਂ ਦੀ ਕੁਰਬਾਨੀ ਸਿਰਫ਼ ਸਿੱਖ ਇਤਿਹਾਸ ਹੀ ਨਹੀਂ, ਸਗੋਂ ਪੂਰੇ ਦੇਸ਼ ਲਈ ਪ੍ਰੇਰਣਾ ਸਰੋਤ ਹੈ।

ਉਨ੍ਹਾਂ ਦੱਸਿਆ ਕਿ ਇਸ ਬੱਸ ਸੇਵਾ ਦੌਰਾਨ ਯਾਤਰੀਆਂ ਨੂੰ ਕੇਵਲ ਯਾਤਰਾ ਹੀ ਨਹੀਂ ਕਰਵਾਈ ਜਾਵੇਗੀ, ਬਲਕਿ ਪੂਰੀ ਯਾਤਰਾ ਦੌਰਾਨ ਇਤਿਹਾਸ ਦੇ ਵਿਦਿਆਰਥੀਆਂ ਰਾਹੀਂ ਗੁਰੂ ਸਾਹਿਬ ਦੇ ਤਿਆਗ ਅਤੇ 4 ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਜੁੜੇ ਪ੍ਰਸੰਗਾਂ ਦੀ ਜਾਣਕਾਰੀ ਵੀ ਦਿੱਤੀ ਜਾਵੇਗੀ। ਇਸ ਦਾ ਮਕਸਦ ਨੌਜਵਾਨਾਂ ਨੂੰ ਧਰਮ, ਸੰਸਕਾਰ ਅਤੇ ਨੈਤਿਕ ਮੁੱਲਾਂ ਨਾਲ ਜੋੜਨਾ ਹੈ, ਤਾਂ ਜੋ ਉਹ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਸਹੀ ਦਿਸ਼ਾ ਵੱਲ ਅੱਗੇ ਵਧ ਸਕਣ। ਉਨ੍ਹਾਂ ਕਿਹਾ ਕਿ ਇਹ ਸੇਵਾ ਪੂਰੀ ਤਰ੍ਹਾਂ ਮੁਫ਼ਤ ਹੈ ਅਤੇ ਇਸ ਵਿਚ ਬੱਚੇ, ਮਹਿਲਾਵਾਂ ਅਤੇ ਬਜ਼ੁਰਗ ਸਭ ਸ਼ਾਮਿਲ ਹੋ ਸਕਦੇ ਹਨ। ਸੰਗਤ ਲਈ ਇਹ ਇਕ ਸੁਨਹਿਰਾ ਮੌਕਾ ਹੈ ਕਿ ਉਹ ਸ੍ਰੀ ਫ਼ਤਹਿਗੜ੍ਹ ਸਾਹਿਬ ਜਾ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰਨ ।

ਉਨ੍ਹਾਂ ਅੱਗੇ ਦੱਸਿਆ ਕਿ ਬੱਸ ਸੇਵਾ ਵਿਚ ਸ਼ਾਮਿਲ ਹੋਣ ਲਈ ਇੱਛੁਕ ਵਿਅਕਤੀ ਉਨ੍ਹਾਂ ਦੇ ਦਫ਼ਤਰ ਵਿਚ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਨਜ਼ਦੀਕੀ ਗੁਰਦੁਆਰਾ ਸਾਹਿਬ ਤੋਂ ਰਜਿਸਟ੍ਰੇਸ਼ਨ ਫ਼ਾਰਮ ਪ੍ਰਾਪਤ ਕੀਤੇ ਜਾ ਸਕਦੇ ਹਨ। ਵੱਖ-ਵੱਖ ਥਾਵਾਂ ’ਤੇ ਲਗਾਏ ਗਏ ਬੈਨਰਾਂ ‘ਤੇ ਉਪਲਬਧ ਕਿਊਆਰ ਕੋਡ ਨੂੰ ਸਕੈਨ ਕਰਕੇ ਆਨਲਾਈਨ ਰਜਿਸਟ੍ਰੇਸ਼ਨ ਦੀ ਸਹੂਲਤ ਵੀ ਉਪਲਬਧ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ