ਮੁਹਾਲੀ ਕਬੱਡੀ ਕਤਲ ਮਾਮਲਾ: ਦੋ ਸ਼ੂਟਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਪੂਰੀ ਯੋਜਨਾ ਨਾਲ ਰਾਣਾ ਬਲਾਚੌਰੀਆ ਦਾ ਕਤਲ
ਐੱਸ. ਏ. ਐੱਸ. ਨਗਰ, 17 ਦਸੰਬਰ (ਕਪਿਲ ਵਧਵਾ)-ਪੰਜਾਬ ਦੇ ਮੁਹਾਲੀ ਵਿਚ ਕਬੱਡੀ ਖਿਡਾਰੀ ਤੇ ਪ੍ਰਮੋਟਰ ਰਾਣਾ ਬਲਾਚੌਰੀਆ ਦੀ ਹੱਤਿਆ ਮਾਮਲੇ ਵਿਚ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਜਾਂਚ ਦੌਰਾਨ ਕਤਲ ਕਰਨ ਵਾਲੇ ਦੋਵੇਂ ਸ਼ੂਟਰਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਦੀ ਪਛਾਣ ਆਦਿਤਿਆ ਕਪੂਰ ਅਤੇ ਕਰਨ ਪਾਠਕ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਹਾਂ ਨੇ ਬਹੁਤ ਹੀ ਸੋਚ-ਸਮਝ ਕੇ ਅਤੇ ਪੂਰੀ ਯੋਜਨਾ ਤਹਿਤ ਇਸ ਕਤਲ ਨੂੰ ਅੰਜਾਮ ਦਿੱਤਾ।
ਪੁਲਿਸ ਮੁਤਾਬਕ ਇਹ ਸਿਰਫ਼ ਦੋ ਸ਼ੂਟਰਾਂ ਤੱਕ ਸੀਮਤ ਸਾਜ਼ਿਸ਼ ਨਹੀਂ ਸੀ। ਟੂਰਨਾਮੈਂਟ ਦੌਰਾਨ ਰਾਣਾ ਬਲਾਚੌਰੀਆ ਦੀ ਹਰ ਪਲ ਦੀ ਰੇਕੀ ਕਰਨ ਵਾਲੇ ਅਤੇ ਮੁਖਬਰੀ ਦੇਣ ਵਾਲੇ ਹੋਰ ਲੋਕ ਵੀ ਇਸ ਸਾਜ਼ਿਸ਼ ਵਿਚ ਸ਼ਾਮਲ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਟੂਰਨਾਮੈਂਟ ਸਥਾਨ ’ਤੇ ਪੁਲਿਸ ਸੁਰੱਖਿਆ ਹੋਣ ਦੇ ਬਾਵਜੂਦ ਕਾਤਲਾਂ ਨੇ ਵਾਰਦਾਤ ਨੂੰ ਪੂਰੀ ਯੋਜਨਾ ਨਾਲ ਅੰਜਾਮ ਦਿੱਤਾ।
ਮੁਹਾਲੀ ਪੁਲਿਸ ਦੀ ਜਾਂਚ ਵਿਚ ਖੁਲਾਸਾ ਹੋਇਆ ਹੈ ਕਿ ਕਤਲ ਤੋਂ ਪਹਿਲਾਂ ਪੂਰਾ ਲੇਆਉਟ ਤਿਆਰ ਕੀਤਾ ਗਿਆ ਸੀ। ਹਾਲਾਂਕਿ ਫਿਲਹਾਲ ਪੁਲਿਸ ਵਲੋਂ ਦੋ ਸ਼ੂਟਰਾਂ ਦੇ ਨਾਮ ਹੀ ਨਸ਼ਰ ਕੀਤੇ ਗਏ ਹਨ, ਜਦਕਿ ਤੀਜੇ ਸਾਥੀ ਅਤੇ ਲੋਜਿਸਟਿਕ ਸਹਾਇਤਾ ਮੁਹੱਈਆ ਕਰਵਾਉਣ ਵਾਲਿਆਂ ਦੀ ਪਛਾਣ ਅਤੇ ਭਾਲ ਜਾਰੀ ਹੈ।
ਇਸ ਮਾਮਲੇ ਵਿਚ ਪੁਲਿਸ ਵੱਲੋਂ ਇਕ ਹੋਰ ਹੈਰਾਨ ਕਰਨ ਵਾਲਾ ਬਿਆਨ ਵੀ ਦਿੱਤਾ ਗਿਆ ਹੈ। ਪੁਲਿਸ ਨੇ ਕਿਹਾ ਹੈ ਕਿ ਰਾਣਾ ਬਲਾਚੌਰੀਆ ਦੇ ਲਿੰਕ ਕੁਖਿਆਤ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਹੋਣ ਦਾ ਸ਼ੱਕ ਹੈ, ਜਿਸ ਕਾਰਨ ਉਹ ਬੰਬੀਹਾ ਗੈਂਗ ਦੇ ਨਿਸ਼ਾਨੇ ’ਤੇ ਆਇਆ ਹੋ ਸਕਦਾ ਹੈ। ਹਾਲਾਂਕਿ ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਜਾਂਚ ਹਜੇ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਵੱਡੇ ਖੁਲਾਸੇ ਹੋ ਸਕਦੇ ਹਨ।
ਇਸ ਦਰਮਿਆਨ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਤਸਵੀਰਾਂ ਪੁਲਿਸ ਰਿਕਾਰਡ ਨਾਲ ਮੇਲ ਖਾਂਦੀਆਂ ਦੱਸੀਆਂ ਜਾ ਰਹੀਆਂ ਹਨ, ਜਿਸ ਨਾਲ ਮਾਮਲੇ ਨੇ ਹੋਰ ਵੀ ਗੰਭੀਰ ਰੂਪ ਧਾਰ ਲਿਆ ਹੈ। ਪੁਲਿਸ ਹਰ ਪੱਖੋਂ ਜਾਂਚ ਕਰ ਰਹੀ ਹੈ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਲਦ ਹੀ ਪੂਰੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਜਾਵੇਗਾ।
;
;
;
;
;
;
;
;