4 ਸਾਲਾ ਬੱਚੀ ਦੀ ਅਗਵਾ ਉਪਰੰਤ ਹੱਤਿਆ, ਮੁਲਜ਼ਮ ਗ੍ਰਿਫ਼ਤਾਰ
ਡੱਬਵਾਲੀ (ਹਰਿਆਣਾ), 17 ਦਸੰਬਰ (ਇਕਬਾਲ ਸਿੰਘ ਸ਼ਾਂਤ) - ਖੇਤਰ ਦੇ ਪਿੰਡ ਰਾਮਪੁਰਾ ਬਿਸ਼ਨੋਈਆਂ ਵਿਚ ਚਾਰ ਸਾਲਾ ਬੱਚੀ ਦੇ ਅਗਵਾ ਤੋਂ ਬਾਅਦ ਹੱਤਿਆ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਬੱਚੀ ਦੀ ਲਾਸ਼ ਅੱਜ ਸਵੇਰੇ ਪਿੰਡ ਦੇ ਨੇੜੇ ਰਿਸਾਲਿਆਖੇੜਾ ਮਾਈਨਰ ਦੀ ਇਕ ਟੇਲ ਖਾਲ ਵਿਚੋਂ ਬਰਾਮਦ ਹੋਈ। ਪੁਲਿਸ ਨੇ ਮੁਲਜ਼ਮ ਸੰਜੇ ਕੁਮਾਰ ਵਾਸੀ ਮੋਰੀਵਾਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਡੱਬਵਾਲੀ ਦੀ ਐਸਪੀ ਨਿਕਿਤਾ ਖੱਟਰ ਅਤੇ ਐਸਡੀਐਮ ਅਰਪਿਤ ਸੰਗਲ ਮੌਕੇ ’ਤੇ ਪੁੱਜ ਗਏ।
ਮ੍ਰਿਤਕ ਬੱਚੀ ਦੇ ਪਰਿਵਾਰ ਨੇ ਮੁਲਜ਼ਮ ਸੰਜੇ ਦੇ ਇਲਾਵਾ ਗੁਆਂਢੀ ਪ੍ਰੇਮ ਕੁਮਾਰ ਅਤੇ ਰਾਜੇਸ਼ ਕੁਮਾਰ ਦੇ ਪੂਰੇ ਪਰਿਵਾਰ ’ਤੇ ਵੀ ਗੰਭੀਰ ਦੋਸ਼ ਲਗਾਏ ਹਨ। ਇਨ੍ਹਾਂ ਖ਼ਿਲਾਫ਼ ਕਾਰਵਾਈ ਨਾ ਹੋਣ ਤੱਕ ਅੰਤਿਮ ਸੰਸਕਾਰ ਨਾ ਕਰਨ ਦੀ ਗੱਲ ਆਖੀ ਹੈ।ਜਾਣਕਾਰੀ ਮੁਤਾਬਕ ਬੱਚੀ ਕੱਲ੍ਹ ਮੰਗਲਵਾਰ ਸ਼ਾਮ ਨੂੰ ਘਰ ਦੇ ਅੱਗੇ ਖੇਡਦੀ ਸਮੇਂ ਲਾਪਤਾ ਹੋ ਗਈ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਗੁਆਂਢ ਵਿਚ ਆਪਣੀ ਭੈਣ ਦੇ ਘਰ ਆਇਆ ਨੌਜਵਾਨ ਸੰਜੇ ਬੱਚੀ ਨੂੰ ਚੀਜ਼ ਦਿਵਾਉਣ ਦੇ ਬਹਾਨੇ ਨਾਲ ਆਪਣੇ ਨਾਲ ਲੈ ਗਿਆ। ਘਟਨਾ ਇਕ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਫੁਟੇਜ ਵਿਚ ਮੁਲਜ਼ਮ ਆਪਣੇ 14 ਸਾਲਾ ਭਾਣਜੇ ਨਾਲ ਬੱਚੀ ਨੂੰ ਮੋਟਰਸਾਈਕਲ ’ਤੇ ਲਿਜਾਂਦਾ ਦਿਖਾਈ ਦਿੱਤਾ। ਪੁਲਿਸ ਪੁੱਛਗਿੱਛ ਦੌਰਾਨ ਖ਼ੁਲਾਸਾ ਹੋਇਆ ਕਿ ਕੁਝ ਦੂਰੀ ’ਤੇ ਜਾ ਕੇ ਮੁਲਜ਼ਮ ਨੇ ਆਪਣੇ ਭਾਣਜੇ ਨੂੰ ਮੋਟਰਸਾਈਕਲ ਤੋਂ ਉਤਾਰ ਦਿੱਤਾ ਅਤੇ ਬੱਚੀ ਨੂੰ ਆਪਣੇ ਨਾਲ ਲੈ ਗਿਆ। ਇਸ ਤੋਂ ਬਾਅਦ ਉਹ ਪਿੰਡ ਤੋਂ ਬਾਹਰ ਨੂੰ ਲੈ ਗਿਆ ਸੀ। ਅੱਜ ਬੱਚੀ ਦੀ ਲਾਸ਼ ਮਿਲਣ ਤੋਂ ਬਾਅਦ ਪੁਲਿਸ ਨੇ ਸੰਜੇ ਨੂੰ ਗ੍ਰਿਫ਼ਤਾਰ ਕਰ ਲਿਆ। ਬੱਚੀ ਦੇ ਲਾਪਤਾ ਹੋਣ 'ਤੇ ਪੂਰੀ ਰਾਤ ਡੱਬਵਾਲੀ ਜ਼ਿਲ੍ਹਾ ਪੁਲਿਸ ਦੇ ਲਗਭਗ 200 ਕਰਮਚਾਰੀ ਉਸ ਦੀ ਤਲਾਸ਼ ਵਿਚ ਜੁਟੇ ਰਹੇ।
;
;
;
;
;
;
;
;