ਅਮਰਗੜ੍ਹ ਗਿਣਤੀ ਕੇਂਦਰ 'ਚ ਦੋ ਵੋਟਾਂ ਨੂੰ ਲੈਕੇ ਹਾਈ ਵੋਲਟੇਜ ਡਰਾਮਾ
ਅਮਰਗੜ੍ਹ (ਸੰਗਰੂਰ), 17 ਦਸੰਬਰ (ਜਤਿੰਦਰ ਮੰਨਵੀ,ਪਵਿੱਤਰ ਸਿੰਘ) - ਅੱਜ ਇੱਥੇ ਸਥਿਤ ਸਰਕਾਰੀ ਕਾਲਜ ਅਮਰਗੜ੍ਹ ਦੇ ਗਿਣਤੀ ਕੇਂਦਰ 'ਚ ਉਸ ਸਮੇਂ ਸਥਿਤੀ ਤਣਾਅਪੂਰਨ ਅਤੇ ਹੰਗਾਮੇ ਵਾਲੀ ਬਣ ਗਈ, ਜਦੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਅਮਰਗੜ੍ਹ ਨਾਲ ਸੰਬੰਧਿਤ ਸੀਨੀਅਰ ਆਗੂ ਸਤਬੀਰ ਸਿੰਘ ਸੀਰਾ ਬੰਨਭੌਰਾ ਨੇ ਗਿਣਤੀ ਕੇਂਦਰ ਦੀ ਕੰਧ ਟੱਪ ਕੇ ਅੰਦਰ ਦਾਖ਼ਲ ਹੋ ਗਿਆ।
ਇਸ ਦੌਰਾਨ ਪੁਲਿਸ ਪ੍ਰਸ਼ਾਸਨ ਅਤੇ ਅਕਾਲੀ ਆਗੂ ਦਰਮਿਆਨ ਜ਼ਬਰਦਸਤ ਤੂੰ-ਤੂੰ, ਮੈਂ-ਮੈਂ ਹੋਈ ਅਤੇ ਮਾਹੌਲ ਗਰਮਾ ਗਿਆ।ਦਰਅਸਲ ਵਿਵਾਦ 14 ਨੰ. ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬਲਾਕ ਸੰਮਤੀ ਮੈਂਬਰ ਦੀਆਂ ਵੋਟਾਂ ਦੀ ਗਿਣਤੀ ਨੂੰ ਲੈ ਕੇ ਸ਼ੁਰੂ ਹੋਇਆ। ਅਕਾਲੀ ਦਲ ਦੇ ਉਮੀਦਵਾਰ ਅਤੇ ਪੋਲਿੰਗ ਏਜੰਟ ਨੇ ਦੋਸ਼ ਲਾਇਆ ਕਿ ਬੈਲਟ ਪੇਪਰਾਂ 'ਤੇ ਦੋ ਮੋਹਰਾਂ ਲੱਗੀਆਂ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਰੱਦ ਕਰਨ ਦੀ ਬਜਾਏ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਜਾਣ ਬੁੱਝ ਕੇ ਕਾਂਗਰਸ ਦੇ ਹੱਕ 'ਚ ਗਿਣਿਆ ਗਿਆ। ਇਸ ਸੰਬੰਧੀ ਉਨ੍ਹਾਂ ਨੇ ਅਧਿਕਾਰੀਆਂ ਕੋਲ ਇਤਰਾਜ਼ ਜਤਾਇਆ ਤਾਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ।ਧੱਕੇਸ਼ਾਹੀ ਖ਼ਿਲਾਫ਼ ਰੋਹ 'ਚ ਆਇਆ ਸੀਰਾ ਬਨਭੌਰਾ ਗਿਣਤੀ ਕੇਂਦਰ ਦੀ ਕੰਧ ਟੱਪ ਕੇ ਅੰਦਰ ਜਾ ਵੜਿਆ ਤੇ ਗਿਣਤੀ ਕੇਂਦਰ 'ਚ ਮੌਜੂਦ ਡੀ.ਐਸ.ਪੀ. ਅਮਰਗੜ੍ਹ ਨਾਲ ਉਸ ਦੀ ਤਿੱਖੀ ਬਹਿਸ ਹੋ ਗਈ। ਸਥਿਤੀ ਨੂੰ ਕਾਬੂ ਕਰਨ ਲਈ ਪੁਲਿਸ ਮੁਲਾਜ਼ਮਾਂ ਨੇ ਸਖ਼ਤੀ ਵਰਤਦਿਆਂ ਅਕਾਲੀ ਆਗੂ ਨੂੰ ਧੱਕੇ ਮਾਰ ਕੇ ਗੇਟ ਤੋਂ ਬਾਹਰ ਕੱਢ ਦਿੱਤਾ।ਗਿਣਤੀ ਕੇਂਦਰ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਤਬੀਰ ਸਿੰਘ ਸੀਰਾ ਬਨਭੌਰਾ ਨੇ ਪੰਜਾਬ ਦੀ ਆਪ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ 'ਤੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਮਿਲ ਕੇ ਲੋਕਤੰਤਰ ਦਾ ਘਾਣ ਕਰ ਰਹੇ ਹਨ। ਜਿੱਥੇ 'ਆਪ' ਦਾ ਉਮੀਦਵਾਰ ਹਾਰ ਰਿਹਾ ਹੈ, ਉੱਥੇ ਕਾਂਗਰਸ ਨੂੰ ਜਿਤਾਉਣ ਲਈ ਅਕਾਲੀ ਦਲ ਨਾਲ ਧੱਕਾ ਕੀਤਾ ਜਾ ਰਿਹਾ ਹੈ।ਦੂਜੇ ਪਾਸੇ ਇਸ ਪੂਰੇ ਘਟਨਾਕ੍ਰਮ ਅਤੇ ਅਕਾਲੀ ਆਗੂ ਨਾਲ ਹੋਈ ਬਹਿਸ ਬਾਰੇ ਡੀ.ਐਸ.ਪੀ.ਅਮਰਗੜ੍ਹ ਸੰਜੀਵ ਕਪੂਰ ਦਾ ਕਹਿਣਾ ਹੈ ਕਿ ਬਿਨਾਂ ਅਧਿਕਾਰਤ ਤੌਰ ‘ਤੇ ਅਕਾਲੀ ਆਗੂ ਕੰਧ ਟੱਪ ਕੇ ਗਿਣਤੀ ਕੇਂਦਰ ‘ਚ ਦਾਖ਼ਲ ਹੋਇਆ ਸੀ। ਜਦੋਂ ਉਸ ਨੂੰ ਗਿਣਤੀ ਵਾਲੀ ਜਗ੍ਹਾ ਜਾਣ ਤੋਂ ਰੋਕਿਆ ਗਿਆ ਤਾਂ ਉਸ ਨੇ ਵਿਰੋਧ ਕੀਤਾ। ਉਨ੍ਹਾਂ ਦੱਸਿਆ ਕਿ ਪੁਲਿਸ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾ ਰਹੀ ਹੈ ਅਤੇ ਗਿਣਤੀ ਪ੍ਰਕਿਰਿਆ 'ਚ ਕਿਸੇ ਨੂੰ ਵੀ ਵਿਘਨ ਨਹੀਂ ਪਾਉਣ ਦਿੱਤਾ ਜਾਵੇਗਾ।ਇਸ ਸੰਬੰਧੀ ਜਦੋਂ ਐਸ.ਡੀ.ਐਮ. ਮੈਡਮ ਸੁਰਿੰਦਰ ਕੌਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਉਨ੍ਹਾਂ ਨੇ ਇਸ ਮਾਮਲੇ 'ਤੇ ਕੁਝ ਵੀ ਕਹਿਣ ਤੋਂ ਸੰਕੋਚ ਕੀਤਾ।
;
;
;
;
;
;
;
;