32 ਸਾਲਾ ਨੌਜਵਾਨ ਦਾ ਦਾਣਾ ਮੰਡੀ ਨੇੜੇ ਘੇਰ ਕੇ ਗੋਲੀ ਮਾਰ ਕੇ ਕਤਲ
ਜਗਰਾਉਂ ( ਲੁਧਿਆਣਾ ) 5 ਜਨਵਰੀ ( ਕੁਲਦੀਪ ਸਿੰਘ ਲੋਹਟ)- ਜਗਰਾਉਂ ਨੇੜਲੇ ਪਿੰਡ ਮਾਣੂਕੇ ਵਿਖੇ ਕੁਝ ਨੌਜਵਾਨਾਂ ਵਿਚ ਹੋਇਆ ਮਾਮੂਲੀ ਟਕਰਾਅ ਕਤਲੇਆਮ ਵਿਚ ਬਦਲ ਗਿਆ। 32 ਸਾਲਾ ਗਗਨਦੀਪ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਮਾਣੂੰਕੇ ਨੂੰ ਹਥਿਆਰਾਂ ਨਾਲ ਲੈਸ ਨੌਜਵਾਨਾਂ ਦੇ ਝੁੰਡ ਨੇ ਦਾਣਾ ਮੰਡੀ ਨੇੜੇ ਗੋਲੀ ਮਾਰ ਦਿੱਤੀ। ਘਟਨਾ ਤੋਂ ਬਾਅਦ ਲੱਥ ਪੱਥ ਖੇਤਾਂ ਵਿਚ ਡਿੱਗੇ ਗਗਨਦੀਪ ਨੂੰ ਉਸ ਦਾ ਭਰਾ ਤੇ ਪਿੰਡ ਵਾਸੀ ਜਗਰਾਉਂ ਸਿਵਲ ਹਸਪਤਾਲ ਲੈ ਕੇ ਪੁੱਜੇ, ਜਿੱਥੇ ਇਲਾਜ ਦੌਰਾਨ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸਿਵਲ ਹਸਪਤਾਲ ਜਗਰਾਉਂ 'ਚ ਮ੍ਰਿਤਕ ਦੀ ਮਾਂ ਤੇ ਪਤਨੀ ਨੂੰ ਧਾਹਾਂ ਮਾਰ ਕੇ ਰੋਂਦਿਆਂ ਦੇਖਿਆ ਨਹੀਂ ਸੀ ਜਾਂਦਾ ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਹਠੂਰ ਦੇ ਮੁਖੀ ਕੁਲਦੀਪ ਸਿੰਘ ਪੁਲਿਸ ਪਾਰਟੀ ਸਮੇਤ ਘਟਨਾ ਵਾਲੀ ਥਾਂ 'ਤੇ ਪੁੱਜ ਗਏ, ਜਿੱਥੇ ਪੀੜਿਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤ ਪਿੰਡ ਦੇ ਹੀ ਨੌਜਵਾਨ ਕਬੱਡੀ ਖਿਡਾਰੀ ਨੂੰ ਕਬੱਡੀ ਖੇਡਣ ਤੋਂ ਰੋਕਣ ਵਾਲਿਆਂ ਦਾ ਵਿਰੋਧ ਕਰਦਾ ਸੀ ਤੇ ਆਪਣੇ ਦੋਸਤ ਕਬੱਡੀ ਖਿਡਾਰੀ ਦੀ ਮੱਦਦ ਕਰਦਾ ਸੀ। ਇਸੇ ਰੰਜਿਸ਼ ਵਿਚ ਅੱਜ ਉਨ੍ਹਾਂ ਦੇ ਪੁੱਤ ਨੂੰ ਨਿਸ਼ਾਨਾ ਬਣਾ ਕੇ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਘਟਨਾ ਤੋਂ ਬਾਅਦ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਸਿਵਲ ਹਸਪਤਾਲ ਪਹੁੰਚੇ, ਜਿੱਥੇ ਉਨ੍ਹਾਂ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਇਸ ਘਟਨਾ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਤੇ ਪੁਲਿਸ ਨੂੰ ਦੋਸ਼ੀਆ ਖਿਲਾਫ਼ ਸਖਤ ਕਾਰਵਾਈ ਕਰਨ ਦੀ ਹਦਾਇਤ ਕੀਤੀ। ਥਾਣਾ ਮੁਖੀ ਕੁਲਦੀਪ ਕੁਮਾਰ ਨੇ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਉਤੇ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ
;
;
;
;
;
;
;
;