ਡੇਰੇ ਦੇ ਮੁੱਖ ਸੇਵਾਦਾਰ ਨੂੰ ਜਬਰ-ਜਨਾਹ ਮਾਮਲੇ ‘ਚ 10 ਸਾਲ ਸਖ਼ਤ ਕੈਦ
ਮੋਗਾ, 6 ਜਨਵਰੀ (ਹਰਪਾਲ ਸਿੰਘ)-ਮੋਗਾ ਦੀ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਨੇ ਇਕ ਨੌਜਵਾਨ ਲੜਕੀ ਨਾਲ ਜਬਰ-ਜਨਾਹ ਕਰਨ ਦੇ ਮਾਮਲੇ ਵਿਚ ਧਾਰਮਿਕ ਅਸਥਾਨ ਨਾਲ ਜੁੜੇ ਮੁੱਖ ਸੇਵਾਦਾਰ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਦੋਸ਼ੀ ਬਲਜਿੰਦਰ ਸਿੰਘ ਨੂੰ 10 ਸਾਲ ਸਖ਼ਤ ਕੈਦ ਅਤੇ 55 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਜ਼ਿਲ੍ਹੇ ਦੇ ਜਗਰਾਓਂ ਨੇੜਲੇ ਪਿੰਡ ਦੀ ਰਹਿਣ ਵਾਲੀ 25 ਸਾਲਾ ਨੌਜਵਾਨ ਲੜਕੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਜਗਰਾਓਂ ਸਥਿਤ ਡੇਰਾ ਚਰਨ ਘਾਟ ਦੇ ਮੁੱਖ ਸੇਵਾਦਾਰ ਬਲਜਿੰਦਰ ਸਿੰਘ ਨੇ ਉਸ ਨਾਲ ਜਬਰ-ਜਨਾਹ ਕੀਤਾ। ਪੀੜਤ ਲੜਕੀ ਦੇ ਪਰਿਵਾਰਕ ਮੈਂਬਰ ਡੇਰੇ ਵਿਚ ਆਉਂਦੇ-ਜਾਂਦੇ ਰਹਿੰਦੇ ਸਨ ਅਤੇ ਉਹ ਆਪਣੇ ਨਸ਼ੇੜੀ ਭਰਾ ਨੂੰ ਸੁਧਾਰਨ ਲਈ ਡੇਰੇ ਵਿਚ ਅਰਦਾਸ ਦੀ ਆਸ ਲੈ ਕੇ ਗਈ ਸੀ। ਦੋਸ਼ ਹੈ ਕਿ 6 ਮਈ ਨੂੰ ਮੁੱਖ ਸੇਵਾਦਾਰ ਲੜਕੀ ਨੂੰ ਖ਼ਾਸ ਅਰਦਾਸ ਦੇ ਬਹਾਨੇ ਮੋਗਾ ਦੇ ਇਕ ਨਿੱਜੀ ਹੋਟਲ ਵਿਚ ਲੈ ਗਿਆ, ਜਿੱਥੇ ਉਸ ਨਾਲ ਜਬਰ-ਜਨਾਹ ਕਰਨ ਤੋਂ ਬਾਅਦ ਉਸ ਦੀ ਕੁੱਟਮਾਰ ਕੀਤੀ ਗਈ। ਇਥੇ ਹੀ ਨਹੀਂ, ਦੋਸ਼ੀ ਨੇ ਪੀੜਤ ਦੀ ਵੀਡੀਓ ਬਣਾ ਕੇ ਉਸਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਡੇਰੇ ਵਿੱਚ ਬੁਲਾ ਕੇ ਹਫ਼ਤੇ ਵਿੱਚ ਦੋ ਵਾਰ ਜ਼ਬਰਦਸਤੀ ਦੁਰਵਿਵਹਾਰ ਕਰਦਾ ਰਿਹਾ। ਇਸੇ ਦੋਸ਼ੀ ਖ਼ਿਲਾਫ਼ 2 ਸਤੰਬਰ 2024 ਨੂੰ ਇਕ ਹੋਰ ਲੜਕੀ ਵੱਲੋਂ ਵੀ ਲੁਧਿਆਣਾ ਵਿਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ। ਬਾਅਦ ਵਿਚ ਮੋਗਾ ਮਹਿਣਾ ਪੁਲਿਸ ਨੇ 18 ਸਤੰਬਰ 2024 ਨੂੰ ਬਲਜਿੰਦਰ ਸਿੰਘ ਖ਼ਿਲਾਫ਼ ਜਬਰ-ਜਨਾਹ ਅਤੇ ਧਮਕੀਆਂ ਦੇ ਦੋਸ਼ਾਂ ਹੇਠ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕੀਤਾ ਸੀ। ਸੋਮਵਾਰ 5 ਜਨਵਰੀ 2026 ਨੂੰ ਮੋਗਾ ਅਦਾਲਤ ਵਿਚ ਮਾਮਲੇ ਦੀ ਸੁਣਵਾਈ ਦੌਰਾਨ ਸਾਰੇ ਸਬੂਤਾਂ ਅਤੇ ਗਵਾਹੀਆਂ ਦੇ ਆਧਾਰ ‘ਤੇ ਅਦਾਲਤ ਨੇ ਮੁੱਖ ਸੇਵਾਦਾਰ ਬਲਜਿੰਦਰ ਸਿੰਘ ਨੂੰ ਦੋਸ਼ੀ ਮੰਨਦਿਆਂ 10 ਸਾਲ ਕੈਦ ਅਤੇ 55 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ।
;
;
;
;
;
;
;
;