JALANDHAR WEATHER

ਗਗਨਦੀਪ ਦੇ ਪੋਸਟਮਾਰਟਮ ਲਈ ਰਾਜ਼ੀ ਹੋਇਆ ਪਰਿਵਾਰ, ਅੰਤਿਮ ਸੰਸਕਾਰ ਕੱਲ੍ਹ

ਜਗਰਾਓਂ ( ਲੁਧਿਆਣਾ ) 6 ਜਨਵਰੀ ( ਕੁਲਦੀਪ ਸਿੰਘ ਲੋਹਟ)- ਮਾਣੂੰਕੇ ਵਿਚ ਕਤਲ ਹੋਏ ਕਬੱਡੀ ਖਿਡਾਰੀ ਗਗਨਦੀਪ ਦਾ ਅੱਜ ਦੇਰ ਸ਼ਾਮ ਪੋਸਟਮਾਰਟਮ ਹੋ ਗਿਆ। ਹਾਲਾਂਕਿ ਅੱਜ ਦੁਪਹਿਰ ਤੱਕ ਪਰਿਵਾਰ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਪੋਸਟਮਾਰਟਮ ਨਾ ਕਰਵਾਉਣ ਅਤੇ ਅੰਤਿਮ ਸੰਸਕਾਰ ਨਾ ਕਰਨ 'ਤੇ ਅੜਿਆ ਹੋਇਆ ਸੀ ਪ੍ਰੰਤੂ ਪਰਿਵਾਰਕ ਮੈਬਰਾਂ ਨੇ ਆਪਣੇ ਫੈਸਲੇ 'ਤੇ ਪੁਨਰ ਵਿਚਾਰ ਕਰਦਿਆਂ ਦੇਰ ਸ਼ਾਮ ਅੰਤਿਮ ਸੰਸਕਾਰ ਲਈ ਹਾਮੀ ਭਰ ਦਿੱਤੀ ਤੇ ਦੇਰ ਸ਼ਾਮ ਮ੍ਰਿਤਕ ਗਗਨਦੀਪ ਸਿੰਘ ਦਾ ਪੋਸਟਮਾਰਟਮ ਕਰ ਦਿੱਤਾ ਗਿਆ।

ਮ੍ਰਿਤਕ ਗਗਨਦੀਪ ਦੇ ਕਤਲ ਤੋਂ ਬਾਅਦ ਪਰਿਵਾਰ ਵਿਚ ਪੁਲਿਸ ਪ੍ਰਸ਼ਾਸਨ ਖਿਲਾਫ਼ ਸਖਤ ਰੋਸ ਦੇਖਣ ਨੂੰ ਮਿਲ ਰਿਹਾ ਸੀ। ਅੱਜ ਦੁਪਹਿਰ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਅਤੇ ਡੀ. ਐਸ. ਪੀ. ਰਾਜਨ ਸ਼ਰਮਾ ਪੀੜਤ ਪਰਿਵਾਰ ਨੂੰ ਪੋਸਟਮਾਰਟਮ ਲਈ ਸਹਿਮਤ ਕਰਨ ਲਈ ਪਿੰਡ ਮਾਣੂੰਕੇ ਪਰਿਵਾਰ ਕੋਲ ਪਹੁੰਚੇ ਪ੍ਰੰਤੂ ਉਸ ਵੇਲੇ ਪਰਿਵਾਰ ਨੇ ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਮਿ੍ਤਕ ਗਗਨਦੀਪ ਦਾ ਪੋਸਟਮਾਰਟਮ ਅਤੇ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਸਖਤ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਤੇ ਕਥਿਤ ਦੋਸ਼ੀ ਜਲਦ ਗ੍ਰਿਫਤਾਰ ਕਰ ਲਏ ਜਾਣਗੇ। ਡੀ.ਐਸ.ਪੀ ਰਾਜਨ ਸ਼ਰਮਾ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਇਸ ਮਾਮਲੇ ਵਿਚ ਪੁਲਿਸ ਨੇ ਇਕ ਨੌਜਵਾਨ ਗੁਰਦੀਪ ਸਿੰਘ ਨੂੰ ਕਾਬੂ ਕਰ ਲਿਆ ਹੈ ਤੇ ਬਾਕੀਆਂ ਨੂੰ ਗ੍ਰਿਫਤਾਰ ਕਰਨ ਲਈ ਵੀ ਵੱਖ-ਵੱਖ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਤੇ ਕਥਿਤ ਦੋਸ਼ੀ ਜਲਦ ਸਲਾਖਾਂ ਪਿੱਛੇ ਹੋਣਗੇ। ਅੱਜ ਦੁਪਹਿਰ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਦੇ ਹਰ ਭਰੋਸੇ ਨੂੰ ਸਾਫ ਤੌਰ 'ਤੇ ਨਕਾਰ ਦਿੱਤਾ ਸੀ ਪ੍ਰੰਤੂ ਦੇਰ ਸ਼ਾਮ ਗਗਨਦੀਪ ਸਿੰਘ ਦੇ ਪੋਸਟਮਾਰਟਮ ਲਈ ਪਰਿਵਾਰ ਨੇ ਸਹਿਮਤੀ ਪ੍ਰਗਟ ਕਰ ਲਈ। ਪਰਿਵਾਰਕ ਮੈਬਰਾਂ ਅਨੁਸਾਰ ਹੁਣ ਗਗਨਦੀਪ ਸਿੰਘ ਦਾ ਅੰਤਿਮ ਸੰਸਕਾਰ 7 ਜਨਵਰੀ ਨੂੰ ਪਿੰਡ ਮਾਣੂੰਕੇ ਵਿਖੇ ਕੀਤਾ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ