JALANDHAR WEATHER

ਸੁਖਬੀਰ ਸਿੰਘ ਬਾਦਲ ਗਿੱਦੜਬਾਹਾ ਤੋਂ ਮੇਰੇ ਬਰਾਬਰ ਚੋਣ ਲੜਨ- ਰਾਜਾ ਵੜਿੰਗ

 

ਸ੍ਰੀ ਮੁਕਤਸਰ ਸਾਹਿਬ 6 ਜਨਵਰੀ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ ਆਪਣੇ ਗ੍ਰਹਿ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਗਿੱਦੜਬਾਹਾ ਤੋਂ ਚੋਣ ਲੜਨ ਅਤੇ ਮੈਂ ਵੀ ਗਿੱਦੜਬਾਹਾ ਤੋਂ ਹੀ ਚੋਣ ਲੜਾਂਗਾ। ਉਨ੍ਹਾਂ ਕਿਹਾ ਕਿ ਸੁਖਬੀਰ ਨੂੰ ਦੋ ਹਲਕਿਆਂ ਦਾ ਧਿਆਨ ਛੱਡ ਕੇ ਸਿਰਫ ਗਿੱਦੜਬਾਹਾ ਹਲਕੇ ਵਿੱਚ ਹੀ ਲੜਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਮਾਘੀ ਮੇਲਾ ਕਾਨਫਰੰਸ ਦੀ ਤਿਆਰੀ ਸਬੰਧੀ ਮੀਟਿੰਗ ਵਿੱਚ ਲੰਘੇ ਦਿਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਗਿੱਦੜਬਾਹਾ ਵਾਲਿਓ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਰਾਜੇ ਵੜਿੰਗ ਨੂੰ ਤੀਜੇ ਦੀ ਜਗ੍ਹਾ ਚੌਥੇ ਸਥਾਨ ਤੇ ਰੱਖਣਾ ਸੀ। ‌ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਨ ਅਤੇ ਉਹਨਾਂ ਨੂੰ ਮੁੱਦੇ ਤੇ ਅਧਾਰਿਤ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਦੇ ਮੂੰਹ ਤੋਂ ਝੂਠ ਚੰਗਾ ਨਹੀਂ ਲੱਗਦਾ। ਉਹ ਸਾਰੇ 50 ਪਿੰਡਾਂ ਦਾ ਅੰਕੜਾ ਕੱਢਵਾ ਕੇ ਵੇਖ ਲੈਣ ਕਿ ਕਾਂਗਰਸ ਨੇ ਕਿੰਨੀ ਵੋਟ ਪ੍ਰਾਪਤ ਕੀਤੀ, ਜੇਕਰ ਇਕ ਪਿੰਡ ਵਿਚੋਂ ਵੋਟ ਘੱਟ ਰਹੀ ਤਾਂ ਇਹ ਨਹੀਂ ਸਮਝਣਾ ਚਾਹੀਦਾ ਕਿ ਕਾਂਗਰਸ ਕਮਜ਼ੋਰ ਹੈ।

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਆਪਣੇ ਗ੍ਰਹਿ ਜ਼ਿਲ੍ਹੇ ਜਿੱਥੋਂ ਉਨ੍ਹਾਂ ਦੇ ਪਿਤਾ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਹਨ ਅਤੇ ਰਾਜਨੀਤੀ ਕਰਦੇ ਰਹੇ ਹਨ, ਉਥੋਂ ਸ੍ਰੀ ਮੁਕਤਸਰ ਸਾਹਿਬ ਅਤੇ ਲੰਬੀ ਤੋਂ ਕੁਝ ਸੀਟਾਂ ਆਉਣ ਨਾਲ ਅਕਾਲੀ ਦਲ ਨੂੰ ਖੁਸ਼ ਨਹੀਂ ਹੋਣਾ ਚਾਹੀਦਾ, ਜਦਕਿ 11 ਜ਼ਿਲ੍ਹਿਆਂ ਵਿਚ ਉਨ੍ਹਾਂ ਦਾ ਖਾਤਾ ਨਹੀਂ ਖੁੱਲ੍ਹਿਆ। ਇਸ ਤੋਂ ਇਲਾਵਾ ਪੰਜ ਵਾਰ ਦੇ ਮੁੱਖ ਮੰਤਰੀ ਦੇ ਪੁੱਤਰ ਸੁਖਬੀਰ ਨੂੰ ਜਲਾਲਾਬਾਦ ਤੋਂ ਗੋਲਡੀ ਕੰਬੋਜ ਨੇ ਹੀ 30 ਹਜ਼ਾਰ ਵੋਟਾਂ ਦੇ ਫਰਕ ਨਾਲ ਹਰਾ ਕੇ ਭੇਜਿਆ। ਉਨ੍ਹਾਂ ਕਿਹਾ ਕਿ ਸ਼ਹੀਦੀ ਦਿਹਾੜਿਆਂ ਉਤੇ ਸਿਆਸੀ ਕਾਨਫਰੰਸਾਂ ਸ਼੍ਰੋਮਣੀ ਕਮੇਟੀ ਨੇ ਹੀ ਬੰਦ ਕੀਤੀਆਂ ਸਨ ਅਤੇ ਕਾਂਗਰਸ ਨੇ ਆਪਣੀ ਸਰਕਾਰ ਹੁੰਦਿਆਂ ਇਹ ਗੱਲ ਮੰਨ ਕੇ ਉਸ ਤੋਂ ਬਾਅਦ ਸਿਆਸੀ ਕਾਨਫਰੰਸਾਂ ਨਹੀਂ ਕੀਤੀਆਂ, ਜਦਕਿ ਸ਼੍ਰੋਮਣੀ ਅਕਾਲੀ ਦਲ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਉਤੇ ਮਾਘੀ ਮੌਕੇ ਕਾਨਫਰੰਸ ਕਰ ਰਿਹਾ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ