ਰਾਣਾ ਬਲਾਚੌਰੀਆ ਕਤਲ ਕੇਸ ਵਿਚ ਵੱਡਾ ਖੁਲਾਸਾ, ਤਿੰਨ ਸ਼ੂਟਰ ਕਲਕੱਤਾ ਤੋਂ ਗ੍ਰਿਫ਼ਤਾਰ, ਇਕ ਹਾਲੇ ਫ਼ਰਾਰ
ਐੱਸ. ਏ. ਐੱਸ. ਨਗਰ, 14 ਜਨਵਰੀ (ਕਪਿਲ ਵਧਵਾ)- ਮੁਹਾਲੀ ਦੇ ਪ੍ਰਸਿੱਧ ਕਬੱਡੀ ਖਿਡਾਰੀ ਰਾਣਾ ਬਲਾਚੋਰਿਆ ਦੀ ਹੱਤਿਆ ਮਾਮਲੇ ਵਿਚ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਐੱਸ. ਐੱਸ. ਪੀ. ਮੁਹਾਲੀ ਹਰਮਨਦੀਪ ਸਿੰਘ ਹਾਂਸ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੁਲਿਸ ਨੇ ਇਸ ਸਨਸਨੀਖੇਜ਼ ਕਤਲ ਕੇਸ ਵਿਚ ਤਿੰਨ ਸ਼ੂਟਰਾਂ ਨੂੰ ਪੱਛਮੀ ਬੰਗਾਲ ਦੇ ਹਾਵੜਾ (ਕਲਕੱਤਾ) ਤੋਂ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਇਕ ਸ਼ੂਟਰ ਹਾਲੇ ਫ਼ਰਾਰ ਹੈ।
ਐੱਸ. ਐੱਸ. ਪੀ. ਅਨੁਸਾਰ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਕਰਨ ਪਾਠਕ ਉਰਫ਼ ਡਿਫਾਲਟਰ, ਤਰਨਦੀਪ ਸਿੰਘ ਅਤੇ ਸੁਖਸ਼ੇਰ ਪਾਲ ਉਰਫ਼ ਅਕਾਸ਼ ਵਜੋਂ ਹੋਈ ਹੈ। ਤਿੰਨਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਪੰਜਾਬ ਲਿਆਂਦਾ ਗਿਆ ਹੈ। ਜ਼ਿਕਰਯੋਗ ਹੈ ਕਿ 15 ਦਸੰਬਰ ਨੂੰ ਸੋਹਾਣਾ ਵਿਖੇ ਹੋ ਰਹੇ ਕਬੱਡੀ ਟੂਰਨਾਮੈਂਟ ਦੌਰਾਨ ਰਾਣਾ ਬਲਾਚੋਰਿਆ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਿਸ ਨਾਲ ਖੇਡ ਜਗਤ ਸਮੇਤ ਪੂਰੇ ਇਲਾਕੇ ਵਿਚ ਸਹਿਮ ਦਾ ਮਾਹੌਲ ਬਣ ਗਿਆ ਸੀ।
ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਕਰਨ ਅਤੇ ਅਦਿੱਤਿਆ ਨੇ ਰਾਣਾ ਬਲਾਚੋਰਿਆ ’ਤੇ ਗੋਲੀਆਂ ਚਲਾਈਆਂ ਸਨ, ਜਦਕਿ ਤਰਨਦੀਪ ਸਿੰਘ ਮੋਟਰਸਾਈਕਲ ਸਟਾਰਟ ਕਰਕੇ ਤਿਆਰ ਖੜ੍ਹਾ ਸੀ। ਵਾਰਦਾਤ ਤੋਂ ਬਾਅਦ ਸਾਰੇ ਮੁਲਜ਼ਮ ਮੋਟਰਸਾਈਕਲ ਛੱਡ ਕੇ ਟੈਕਸੀ ਰਾਹੀਂ ਮੌਕੇ ਤੋਂ ਫ਼ਰਾਰ ਹੋ ਗਏ ਸਨ। ਅਦਿੱਤਿਆ ਹਾਲੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ।
ਐੱਸ. ਐੱਸ. ਪੀ. ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਪੂਰੀ ਵਾਰਦਾਤ ਵਿਦੇਸ਼ ਵਿਚ ਬੈਠੇ ਡੋਨੀ ਬੈਲ ਦੇ ਇਸ਼ਾਰਿਆਂ ’ਤੇ ਅੰਜ਼ਾਮ ਦਿੱਤੀ ਗਈ। ਪੁਲਿਸ ਵਲੋਂ ਫ਼ਰਾਰ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ ਅਤੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
;
;
;
;
;
;
;
;