ਡੀ.ਸੀ. ਦੇ ਵਿਸ਼ਵਾਸ ਤੋਂ ਬਾਅਦ ਐਕਸਪ੍ਰੈਸ ਵੇਅ ’ਤੇ ਚੱਲ ਰਿਹਾ ਅਣਮਿੱਥੇ ਸਮੇਂ ਦਾ ਧਰਨਾ ਮੁਲਤਵੀ
ਸੁਲਤਾਨਪੁਰ ਲੋਧੀ,15 ਜਨਵਰੀ (ਥਿੰਦ)-ਨੈਸ਼ਨਲ ਹਾਈਵੇ ਅਥਾਰਟੀ ਵਲੋਂ ਹਲਕਾ ਸੁਲਤਾਨਪੁਰ ਲੋਧੀ ਅੰਦਰ ਕਿਸਾਨਾਂ ਦੀਆਂ ਸੈਂਕੜੇ ਏਕੜ ਜ਼ਮੀਨਾਂ ਐਕਸਪ੍ਰੈਸ ਵੇਅ ਲਈ ਐਕਵਾਇਰ ਕਰਕੇ ਉਨ੍ਹਾਂ ਨੂੰ ਯੋਗ ਮੁਆਵਜ਼ਾ ਨਾ ਦਿੱਤੇ ਜਾਣ ਦੇ ਵਿਰੋਧ ’ਚ ਰੋਡ ਸੰਘਰਸ਼ ਕਮੇਟੀ ਵਲੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਪਿੰਡ ਟਿੱਬਾ ਵਿਖੇ ਸੜਕਾਂ ਦੇ ਕੰਮ ਰੋਕ ਕੇ ਅਣਮਿੱਥੇ ਸਮੇਂ ਲਈ ਦਿੱਤਾ ਜਾ ਰਿਹਾ ਧਰਨਾ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਵਲੋਂ ਬੀਤੇ ਦਿਨ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨਾਲ਼ ਕਰਵਾਈ ਮੀਟਿੰਗ ਤੋਂ ਬਾਅਦ ਮੰਗਾਂ ਨੂੰ ਜਲਦੀ ਹੱਲ ਕਰਨ ਦੇ ਦਿੱਤੇ ਵਿਸ਼ਵਾਸ ਤੋਂ ਬਾਅਦ ਅੱਜ ਇਲਾਕੇ ਦੇ ਕਿਸਾਨਾਂ ਨੇ ਆਪਸੀ ਸਲਾਹ ਮਸ਼ਵਰੇ ਤੋਂ ਬਾਅਦ ਆਰਜ਼ੀ ਤੌਰ ’ਤੇ ਮੁਲਤਵੀ ਕਰ ਦਿੱਤਾ।
ਇਸ ਮੌਕੇ ਰੋਡ ਸੰਘਰਸ਼ ਕਮੇਟੀ ਦੇ ਪ੍ਰਧਾਨ ਪ੍ਰਭਦਿਆਲ ਸਿੰਘ, ਸੀਨੀਅਰ ਮੀਤ ਪ੍ਰਧਾਨ ਬਖਸ਼ੀਸ਼ ਸਿੰਘ ਤਲਵੰਡੀ ਚੌਧਰੀਆਂ,ਕੁਲ ਹਿੰਦ ਕਿਸਾਨ ਸਭਾ ਦੇ ਆਗੂ ਅਮਰਜੀਤ ਸਿੰਘ ਟਿੱਬਾ, ਇੰਦਰਜੀਤ ਸਿੰਘ ਲਿਫਟਰ, ਬੀਬੀ ਜਸਵਿੰਦਰ ਕੌਰ ਟਿੱਬਾ, ਜਸਵਿੰਦਰ ਸਿੰਘ ਬਈ, ਹਰਿੰਦਰ ਸਿੰਘ, ਤਰਸੇਮ ਸਿੰਘ, ਰਣਜੀਤ ਸਿੰਘ ਰਾਣਾ ਟਾਇਲਾਂ ਵਾਲੇ ਆਦਿ ਨੇ ਇਲਾਕੇ ਦੇ ਕਿਸਾਨਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਜੇ ਨੈਸ਼ਨਲ ਹਾਈਵੇ ਅਥਾਰਟੀ ਅਤੇ ਪ੍ਰਸ਼ਾਸਨ ਉਨ੍ਹਾਂ ਨਾਲ ਕੀਤੇ ਵਾਅਦਿਆਂ ਤੋਂ ਪਿੱਛੇ ਹਟਿਆ, ਤਾਂ ਮੁੜ ਵੱਡੇ ਪੱਧਰ ’ਤੇ ਕੰਮ ਰੋਕ ਕੇ ਧਰਨਾ ਲਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਨੇ ਉਸਾਰੂ ਭੂਮਿਕਾ ਨਿਭਾਉਂਦਿਆਂ ਪੂਰੀ ਜ਼ਿੰਮੇਵਾਰੀ ਨਾਲ ਸਾਰੇ ਹੀ ਅਧਿਕਾਰੀਆਂ ਨੂੰ ਮੰਗਾਂ ਦੇ ਨਿਪਟਾਰੇ ਲਈ ਸਮਾਂਬੱਧ ਕੀਤਾ ਹੈ ਅਤੇ 15 ਦਿਨ ਬਾਅਦ ਮੰਗਾਂ ਦੇ ਹੱਲ ਲਈ ਰਿਵਿਊ ਮੀਟਿੰਗ ਕਰਨ ਦਾ ਫੈਸਲਾ ਕੀਤਾ ਹੈ।
ਇਸ ਮੌਕੇ ਰੋਡ ਸੰਘਰਸ਼ ਕਮੇਟੀ ਦੇ ਆਗੂਆਂ ਨੇ ਐਲਾਨ ਕੀਤਾ ਕਿ ਇਹ ਅਣਮਿੱਥੇ ਸਮੇਂ ਦਾ ਧਰਨਾ ਆਰਜ਼ੀ ਤੌਰ ’ਤੇ ਹੀ ਮੁਲਤਵੀ ਕੀਤਾ ਗਿਆ ਹੈ। ਜੇਕਰ ਨੈਸ਼ਨਲ ਹਾਈਵੇ ਅਥਾਰਟੀ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਆਪਣੇ ਵਾਅਦੇ ਮੁਤਾਬਿਕ ਖਰੇ ਨਾ ਉੱਤਰੇ ਤਾਂ ਮੁੜ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਮੌਕੇ ਰੋਡ ਸੰਘਰਸ਼ ਕਮੇਟੀ ਦੇ ਆਗੂਆਂ ਨੇ ਧਰਨੇ ਦੌਰਾਨ ਸਹਿਯੋਗ ਦੇਣ ਵਾਲੀਆਂ ਕਿਸਾਨ ਅਤੇ ਅਧਿਆਪਕ ਜਥੇਬੰਦੀਆਂ ਦਾ ਧੰਨਵਾਦ ਕੀਤਾ।ਇਸ ਮੌਕੇ ਆਪ ਆਗੂ ਅਮਰੀਕ ਸਿੰਘ ਟਿੱਬਾ, ਜਸਵਿੰਦਰ ਸਿੰਘ ਟਿੱਬਾ, ਬਲਬੀਰ ਸਿੰਘ ਭਗਤ, ਬਿੱਟੂ ਕਾਲੇਵਾਲ,ਸੀਤਲ ਸਿੰਘ ਮੌਲੂ, ਦਲਵਿੰਦਰ ਸਿੰਘ ਮਿੰਟੂ, ਜਗਮੋਹਣ ਸਿੰਘ, ਮਲਕੀਤ ਸਿੰਘ ਕਾਲਰੂ, ਕੁਲਵਿੰਦਰ ਸਿੰਘ ਟਿੱਬਾ, ਜਗਦੀਪ ਸਿੰਘ ਗਾਂਧਾ ਸਿੰਘ ਵਾਲਾ, ਭਜਨ ਸਿੰਘ ਟਿੱਬਾ ਅਤੇ ਹੋਰ ਇਲਾਕ਼ਾ ਨਿਵਾਸੀ ਵੱਡੀ ਗਿਣਤੀ ’ਚ ਹਾਜ਼ਰ ਸਨ।
;
;
;
;
;
;
;
;
;