ਸਰਕਾਰ ਦਾ ਸਮਾਰਟ ਸਕੂਲ ਸਹੂਲਤਾਂ ਨਾਲ ਤਾਂ ਲੈਸ ਪਰ ਅਧਿਆਪਕਾਂ ਤੋਂ ਸੱਖਣਾ
ਮਾਛੀਵਾੜਾ ਸਾਹਿਬ, 19 ਜਨਵਰੀ (ਰਾਜਦੀਪ ਸਿੰਘ ਅਲਬੇਲਾ) - ਹਲਕਾ ਸਾਹਨੇਵਾਲ ਦੇ ਪਿੰਡ ਢੋਲਣਵਾਲ ਦਾ ਸਰਕਾਰੀ ਪ੍ਰਾਇਮਰੀ ਸਕੂਲ ਜੋ ਕਿ ਸਮਾਰਟ ਸਕੂਲ ਵਾਲੀਆਂ ਸਹੂਲਤਾਂ ਨਾਲ ਤਾਂ ਲੈਸ ਹੈ ਪਰ ਦੂਜੇ ਪਾਸੇ ਅਧਿਆਪਕਾਂ ਤੋਂ ਸੱਖਣਾ ਹੋਣ ਕਾਰਨ ਇੱਥੇ ਪੜ੍ਹਦੇ ਗਰੀਬ ਪਰਿਵਾਰਾਂ ਦੇ ਬੱਚਿਆਂ ਦਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ। ਢੋਲਣਵਾਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਗਰੀਬ ਪਰਿਵਾਰਾਂ ਦੇ ਪਹਿਲੀ ਤੋਂ ਲੈ ਕੇ ਪੰਜਵੀਂ ਕਲਾਸ ਵਿਚ ਕੁੱਲ 214 ਬੱਚੇ ਪੜ੍ਹਦੇ ਹਨ ਪਰ ਬੱਚਿਆਂ ਨੂੰ ਪੜ੍ਹਾਉਣ ਲਈ ਅਧਿਆਪਕ ਕੇਵਲ ਇਕ ਹੀ ਹੈ। ਸਕੂਲ ਵਿਚ ਤਾਇਨਾਤ ਇੱਕੋ ਅਧਿਆਪਕਾ ਪੂਨਮ ਨੇ ਦੱਸਿਆ ਕਿ 214 ਬੱਚਿਆਂ ਨੂੰ ਇਕ ਅਧਿਆਪਕ ਵਲੋਂ ਕੰਟਰੋਲ ਕਰਨਾ ਅਤੇ 5 ਜਮਾਤਾਂ ਨੂੰ ਪੜ੍ਹਾਉਣਾ ਅਸੰਭਵ ਹੈ। ਹੋਰ ਤਾਂ ਹੋਰ ਸਕੂਲ ’ਚ ਕੰਪਿਊਟਰ ਲੈਬ, ਐੱਲ.ਈ.ਡੀ., ਲਾਇਬ੍ਰੇਰੀ, ਸਪੋਰਟਸ ਪਾਰਕ ਅਤੇ ਸਮਾਰਟ ਸਕੂਲ ਵਾਲੀਆਂ ਸੁਵਿਧਾਵਾਂ ਤਾਂ ਹਨ ਪਰ ਇਨ੍ਹਾਂ ਨੂੰ ਚਲਾਉਣ ਤੇ ਸਿੱਖਿਆਵਾਂ ਦੇਣ ਵਾਲਾ ਕੋਈ ਵੀ ਅਧਿਆਪਕ ਨਹੀਂ ਹੈ।
ਸਕੂਲੀ ਬੱਚਿਆਂ ਦੇ ਮਾਪਿਆਂ ਨੇ ਵੀ ਪੱਤਰਕਾਰਾਂ ਨੂੰ ਦੱਸਿਆ ਕਿ ਸਰਕਾਰ ਵਲੋਂ ਦਾਅਵੇ ਤਾਂ ਕੀਤੇ ਜਾਂਦੇ ਹਨ ਕਿ ਉਨ੍ਹਾਂ ਵਲੋਂ ਖੋਲ੍ਹੇ ਸਮਾਰਟ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਉਂਦੇ ਹਨ ਪਰ ਹਕੀਕਤ ਇਹ ਹੈ ਕਿ ਜੇਕਰ ਅਧਿਆਪਕ ਹੀ ਨਹੀਂ ਹੋਣਗੇ ਤਾਂ ਇਹ ਸਮਾਰਟ ਸਕੂਲ ਕਿਸ ਕੰਮ ਦੇ। ਹੁਣ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇੱਕ ਅਧਿਆਪਕ 5 ਜਮਾਤਾਂ ਨੂੰ ਇੱਕੋ ਸਮੇਂ ਕਿਵੇਂ ਪੜ੍ਹਾ ਸਕਦਾ ਹੈ। ਇਨ੍ਹਾਂ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਸਕੂਲ ਵਿਚ 4 ਮਹੀਨੇ ਪਹਿਲਾਂ 5 ਅਧਿਆਪਕ ਸਨ ਅਤੇ ਬੱਚਿਆਂ ਦੀ ਪੜ੍ਹਾਈ ਦਾ ਕੰਮ ਬੜੇ ਸੁਚੱਜੇ ਢੰਗ ਨਾਲ ਚੱਲ ਰਿਹਾ ਸੀ ਪਰ ਹੌਲੀ-ਹੌਲੀ ਇੱਥੋਂ 4 ਅਧਿਆਪਕ ਆਪਣਾ ਤਬਾਦਲਾ ਕਰਵਾ ਗਏ ਅਤੇ ਇੱਥੇ ਹੁਣ ਕੇਵਲ 5 ਜਮਾਤਾਂ ਲਈ ਇਕ ਅਧਿਆਪਕਾ ਹੀ ਤਾਇਨਾਤ ਹੈ।
ਜਦੋਂ ਇਸ ਸੰਬੰਧੀ ਜ਼ਿਲ੍ਹਾ ਦੇ ਡਿਪਟੀ ਸਿੱਖਿਆ ਅਧਿਕਾਰੀ ਮਨੋਜ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਢੋਲਣਵਾਲ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਚ ਕੇਵਲ ਇਕ ਅਧਿਆਪਕ ਹੈ, ਉਸ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ। ਉਨ੍ਹਾਂ ਕਿਹਾ ਕਿ ਉਹ ਜਲਦ ਹੀ ਸਕੂਲ ਵਿਚ ਅਧਿਆਪਕਾਂ ਦੀ ਘਾਟ ਸੰਬੰਧੀ ਜਾਣਕਾਰੀ ਮੰਗਵਾ ਕੇ ਉੱਥੇ ਹੋਰ ਅਧਿਆਪਕ ਭੇਜ ਦੇਣਗੇ।
;
;
;
;
;
;
;
;