JALANDHAR WEATHER

ਚੰਡੀਗੜ੍ਹ ਦੇ 26 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਾਮਲੇ ’ਚ ਪੁਲਿਸ ਨੇ ਮਾਮਲਾ ਕੀਤਾ ਦਰਜ

ਚੰਡੀਗੜ੍ਹ, 27 ਜਨਵਰੀ (ਕਪਿਲ ਵਧਵਾ) – ਚੰਡੀਗੜ੍ਹ ਵਿਚ ਅੱਜ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਸ਼ਹਿਰ ਦੇ ਕਈ ਸਕੂਲਾਂ ਨੂੰ ਈ.ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਚੰਡੀਗੜ੍ਹ ਪੁਲਿਸ ਹੈਡਕੁਆਰਟਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ. ਐਸ. ਪੀ. ਚੰਡੀਗੜ੍ਹ ਕਵਰਦੀਪ ਕੌਰ ਨੇ ਦੱਸਿਆ ਕਿ ਅੱਜ ਤੜਕਸਰ ਕਰੀਬ 8 ਵਜੇ ਚਾਰ ਸਕੂਲਾਂ ਵਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਕਿ ਉਨ੍ਹਾਂ ਨੂੰ ਈ.ਮੇਲ ਰਾਹੀਂ ਬੰਬ ਧਮਕੀ ਮਿਲੀ ਹੈ।

ਐਸ. ਐਸ. ਪੀ. ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਿਸ ਵਲੋਂ ਤੁਰੰਤ ਬੰਬ ਵਿਰੋਧੀ ਦਸਤੇ ਅਤੇ ਡੌਗ ਸਕੁਐਡ ਨੂੰ ਸੰਬੰਧਿਤ ਸਕੂਲਾਂ ਵਿਚ ਭੇਜਿਆ ਗਿਆ। ਜਾਂਚ ਦੌਰਾਨ ਦੁਪਹਿਰ 12 ਵਜੇ ਤੱਕ ਬੰਬ ਧਮਕੀ ਮਿਲਣ ਵਾਲੇ ਸਕੂਲਾਂ ਦੀ ਗਿਣਤੀ ਵੱਧ ਕੇ 26 ਤੱਕ ਪਹੁੰਚ ਗਈ।

ਉਨ੍ਹਾਂ ਕਿਹਾ ਕਿ ਸਾਰੇ ਸਕੂਲਾਂ ਵਿਚ ਪੁਲਿਸ ਦੀਆਂ ਵੱਖ-ਵੱਖ ਟੀਮਾਂ ਵਲੋਂ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਐਂਟੀ ਸਾਬੋਤਾਜ ਯੂਨਿਟ ਵਲੋਂ ਹੁਣ ਤੱਕ 10 ਸਕੂਲਾਂ ਦੀ ਜਾਂਚ ਮੁਕੰਮਲ ਕਰਕੇ ਉਨ੍ਹਾਂ ਨੂੰ ਸੁਰੱਖਿਅਤ ਕਰਾਰ ਦਿੱਤਾ ਗਿਆ ਹੈ, ਜਦਕਿ ਬਾਕੀ 16 ਸਕੂਲਾਂ ਦੀ ਤਲਾਸ਼ੀ ਅਭਿਆਨ ਜਾਰੀ ਹੈ।

ਐਸ.ਐਸ.ਪੀ. ਕਵਰਦੀਪ ਕੌਰ ਨੇ ਹੋਰ ਦੱਸਿਆ ਕਿ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇ ਮਾਮਲੇ ਵਿਚ ਸੈਕਟਰ-17 ਸਥਿਤ ਸਾਈਬਰ ਕ੍ਰਾਈਮ ਥਾਣੇ ਵਿਚ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਫਵਾਹਾਂ ਤੋਂ ਦੂਰ ਰਹਿਣ ਅਤੇ ਪੁਲਿਸ ਵਲੋਂ ਜਾਰੀ ਕੀਤੀਆਂ ਜਾਣਕਾਰੀਆਂ ‘ਤੇ ਹੀ ਭਰੋਸਾ ਕਰਨ ਦੀ ਅਪੀਲ ਕੀਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ