JALANDHAR WEATHER

ਨਹੀਂ ਰਹੇ ਉੱਘੇ ਸਿੱਖ ਵਿਦਵਾਨ ਭਾਈ ਹਰਿਸਿਮਰਨ ਸਿੰਘ

ਸ੍ਰੀ ਅਨੰਦਪੁਰ ਸਾਹਿਬ, 26 ਫਰਵਰੀ (ਜੇ ਐਸ ਨਿੱਕੂਵਾਲ , ਕਰਨੈਲ ਸਿੰਘ)- ਉੱਘੇ ਸਿੱਖ ਵਿਦਵਾਨ ਅਤੇ ਭਾਈ ਗੁਰਦਾਸ ਇੰਸਟੀਚਿਊਟ ਆਫ ਐਡਵਾਂਸਡਜ਼ ਸਿੱਖ ਸਟੱਡੀਜ਼ ਦੇ ਮੁਖੀ ਭਾਈ ਹਰਿਸਿਮਰਨ ਸਿੰਘ (75) ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ। ਦੱਸਣਯੋਗ ਹੈ ਕਿ ਉਹ ਬੀਤੇ ਵਰ੍ਹੇ 12 ਅਕਤੂਬਰ ਨੂੰ ਖੂਨ ਦਾ ਦਬਾਅ ਵਧਣ ਤੋਂ ਬਾਅਦ ਦਿਮਾਗ ਦੀ ਨਾੜੀ ਫਟਣ ਕਾਰਨ ਅਧਰੰਗ ਦਾ ਸ਼ਿਕਾਰ ਹੋ ਗਏ ਸਨ। ਜਿਨ੍ਹਾਂ ਦੀ ਹਾਲਤ ਸਥਿਰ ਹੋਣ ਤੋਂ ਬਾਅਦ ਉਨ੍ਹਾਂ ਦੇ ਗ੍ਰਹਿ ਸ੍ਰੀ ਦਸਮੇਸ਼ ਅਕੈਡਮੀ ਸੜਕ, ਨੇੜੇ ਕਿਲ੍ਹਾ ਅਨੰਦਗੜ੍ਹ ਸਾਹਿਬ ਵਿਖੇ ਰਹਿ ਰਹੇ ਸਨ।

ਦੱਸਣਯੋਗ ਹੈ ਕਿ ਭਾਈ ਹਰਿਸਿਮਰਨ ਸਿੰਘ ਵਲੋਂ 19 ਕਿਤਾਬਾਂ ਲਿਖ ਕੇ ਸਿੱਖ ਪੰਥ ਦੀ ਝੋਲੀ ਵਿਚ ਪਾਈਆਂ ਗਈਆਂ ਸਨ। ਇਨ੍ਹਾਂ ਕਿਤਾਬਾਂ ਰਾਹੀਂ ਸਿੱਖ ਪੰਥ ਅਤੇ ਗੁਰਧਾਮਾਂ ਦੇ ਪ੍ਰਬੰਧ ਵਿਚ ਸੁਧਾਰ ਅਤੇ ਭਵਿੱਖ ਦੀ ਰਣਨੀਤੀ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਆਪਣੀ 20ਵੀਂ ਪੁਸਤਕ ਸਵੈ-ਜੀਵਨੀ ਲਿਖ ਕੇ ਮੁਕੰਮਲ ਕਰ ਦਿੱਤੀ ਸੀ। ਜਿਸ ਨੂੰ ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਮੌਕੇ ਜਾਰੀ ਕੀਤਾ ਜਾਣਾ ਸੀ ਪਰੰਤੂ ਅਜਿਹਾ ਸੰਭਵ ਨਹੀਂ ਹੋ ਸਕਿਆ। ਉਨ੍ਹਾਂ ਨੇ ਆਪਣੇ ਜੀਵਨ ਕਾਲ ਦੌਰਾਨ ਸਿੱਖ ਪੰਥ ਦੀ ਝੋਲੀ ਵਿਚ ਬਹੁਤ ਕੀਮਤੀ ਸਾਹਿਤ ਦਿੱਤਾ ਹੈ। ਉਹ ਆਪਣੇ ਪਿੱਛੇ ਇਕ ਪੁੱਤਰ ਵੀਰਦਵਿੰਦਰ ਸਿੰਘ ਅਤੇ ਦੋ ਪੁੱਤਰੀਆਂ ਸਤਿੰਦਰ ਕੌਰ ਅਤੇ ਡਾ. ਰਵਨੀਤ ਕੌਰ ਦਾ ਹੱਸਦਾ ਵੱਸਦਾ ਪਰਿਵਾਰ ਛੱਡ ਗਏ ਹਨ।

ਸਿੱਖ ਵਿਦਵਾਨ ਹਰਿਸਿਮਰਨ ਸਿੰਘ ਦੇ ਅਚਨਚੇਤੀ ਅਕਾਲ ਚਲਾਣੇ ਉਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ, ਮੁੱਖ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ, ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਮੈਂਬਰ ਡਾ. ਦਲਜੀਤ ਸਿੰਘ ਭਿੰਡਰ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਪ੍ਰੋ. ਮਨਜੀਤ ਸਿੰਘ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ, ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ, ਗੁਰਦੁਆਰਾ ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਕਾਰਸੇਵਾ ਮੁਖੀ ਬਾਬਾ ਸਤਨਾਮ ਸਿੰਘ, ਗੁਰਦੁਆਰਾ ਟਿੱਬਾ ਸਾਹਿਬ ਦੇ ਬਾਬਾ ਕਰਮਜੀਤ ਸਿੰਘ ਅਤੇ ਬਾਬਾ ਬਲਵੀਰ ਸਿੰਘ, ਬਾਬਾ ਪ੍ਰੀਤਮ ਸਿੰਘ ਡੁਮੇਲੀ ਵਾਲਿਆਂ, ਬਾਬਾ ਤੀਰਥ ਸਿੰਘ ਤੱਪ ਅਸਥਾਨ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ