ਚੇਅਰਮੈਨ ਤੇ ਵਾਈਸ ਚੇਅਰਮੈਨ ਦੀਆਂ ਚੋਣਾਂ ਨੂੰ ਲੈ ਕੇ ਇਲਾਕੇ ’ਚ ਤਣਾਅ ਦਾ ਮਾਹੌਲ
ਮੋਗਾ, 21 ਮਾਰਚ- ਬਾਘਾਪੁਰਾਣਾ ਬਲਾਕ ਸੰਮਤੀ ਦੀ ਚੇਅਰਮੈਨ ਤੇ ਵਾਈਸ ਚੇਅਰਮੈਨ ਦੀਆਂ ਚੋਣਾਂ ਨੂੰ ਲੈ ਕੇ ਇਲਾਕੇ ’ਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਚੋਣ ਪ੍ਰਕਿਰਿਆ ਕਈ ਵਾਰ ਤਾਰੀਖਾਂ ਦੇ ਬਦਲਾਅ ਅਤੇ ਅਚਾਨਕ ਆਈਆਂ ਰੁਕਾਵਟਾਂ ਕਾਰਨ ਅਜੇ ਤੱਕ ਪੂਰੀ ਨਹੀਂ ਹੋ ਸਕੀ। ਜਾਣਕਾਰੀ ਅਨੁਸਾਰ, ਇਹ ਚੋਣ ਪਹਿਲਾਂ 5 ਮਾਰਚ ਨੂੰ ਹੋਣੀ ਸੀ, ਪਰ ਉਸ ਦਿਨ ਸੱਤਾਧਾਰੀ ਪਾਰਟੀ ਦੇ ਬਲਾਕ ਸੰਮਤੀ ਮੈਂਬਰਾਂ ਦੇ ਗੈਰ-ਹਾਜ਼ਰ ਰਹਿਣ ਕਾਰਨ ਚੋਣ ਪ੍ਰਕਿਰਿਆ ਅਧੂਰੀ ਰਹਿ ਗਈ। ਇਸ ਨਾਲ ਸਿਆਸੀ ਪੱਧਰ ‘ਤੇ ਹਲਚਲ ਤੇਜ਼ ਹੋ ਗਈ ਸੀ ਅਤੇ ਵਿਰੋਧੀ ਧਿਰ ਵਲੋਂ ਵੀ ਸਵਾਲ ਖੜ੍ਹੇ ਕੀਤੇ ਗਏ ਸਨ।
ਇਸ ਤੋਂ ਬਾਅਦ ਪ੍ਰਸ਼ਾਸਨ ਵਲੋਂ ਅੱਧੀ ਰਾਤ ਨੂੰ ਨਵਾਂ ਹੁਕਮ ਜਾਰੀ ਕਰਦੇ ਹੋਏ 13 ਮਾਰਚ ਨੂੰ ਮੁੜ ਚੋਣ ਕਰਵਾਉਣ ਦਾ ਐਲਾਨ ਕੀਤਾ ਗਿਆ। ਪਰ ਸਥਿਤੀ ’ਚ ਸੁਧਾਰ ਨਾ ਆਉਣ ਕਾਰਨ ਇਹ ਪ੍ਰਕਿਰਿਆ ਫਿਰ ਵੀ ਅੱਗੇ ਨਹੀਂ ਵਧ ਸਕੀ। ਸੂਤਰਾਂ ਮੁਤਾਬਕ, ਆਖਿਰਕਾਰ 17 ਮਾਰਚ ਨੂੰ ਚੋਣ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਸ ਦਿਨ ਇਲਾਕੇ ’ਚ ਲਾਅ ਐਂਡ ਆਰਡਰ ਦੀ ਸਥਿਤੀ ਠੀਕ ਨਾ ਹੋਣ ਕਰਕੇ ਚੋਣ ਮੁੜ ਰੱਦ ਹੋਣ ਦੀ ਖਬਰ ਸਾਹਮਣੇ ਆਈ ਹੈ। ਲਗਾਤਾਰ ਹੋ ਰਹੀਆਂ ਰੱਦਗੀਆਂ ਅਤੇ ਤਾਰੀਖਾਂ ਦੇ ਬਦਲਾਅ ਨਾਲ ਸਿਆਸੀ ਮਾਹੌਲ ਗਰਮਾ ਗਿਆ ਹੈ ਅਤੇ ਆਮ ਲੋਕਾਂ ’ਚ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪ੍ਰਸ਼ਾਸਨ ਵਲੋਂ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਜਲਦ ਹੀ ਨਵੀਂ ਤਾਰੀਖ ਦਾ ਐਲਾਨ ਕੀਤਾ ਜਾਵੇਗਾ। ਇਸ ਸਾਰੇ ਮਾਮਲੇ ਨੇ ਸਥਾਨਕ ਰਾਜਨੀਤੀ ’ਚ ਤਣਾਅ ਵਧਾ ਦਿੱਤਾ ਹੈ ਅਤੇ ਸਭ ਦੀ ਨਜ਼ਰ ਹੁਣ ਅਗਲੀ ਚੋਣ ਤਾਰੀਖ ‘ਤੇ ਟਿਕੀ ਹੋਈ ਹੈ।
;
;
;
;
;
;
;
;