JALANDHAR WEATHER

ਕੈਲੀਫੋਰਨੀਆ ਵਿਚ ਸੇਸਰ ਸ਼ਾਵੇਜ ਦਿਵਸ ਦਾ ਨਾਂ ਬਦਲ ਕੇ ਖੇਤ ਮਜ਼ਦੂਰ ਦਿਵਸ ਰੱਖਿਆ, ਬਿੱਲ ਪਾਸ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ, ਬੰਗਾ) - ਕੈਲੀਫੋਰਨੀਆ ਸਟੇਟ ਅਸੈਂਬਲੀ ਵਿਚ ਸੇਸਰ ਸ਼ਾਵੇਜ ਦਿਵਸ ਦਾ ਨਾਂ ਬਦਲ ਕੇ ਖੇਤ ਮਜ਼ਦੂਰ ਦਿਵਸ ਰੱਖਣ ਲਈ ਇਕ ਬਿੱਲ ਪਾਸ ਕਰ ਦਿੱਤਾ ਗਿਆ ਹੈ। 31 ਮਾਰਚ ਨੂੰ ਸੇਸਰ ਸ਼ਾਵੇਜ ਦਿਵਸ ਦੀ ਛੁੱਟੀ ਤੋਂ ਪਹਿਲਾਂ ਬਿੱਲ ਉਪਰ ਗਵਰਨਰ ਗੈਵਿਨ ਨਿਊਸੋਮ ਦੁਆਰਾ ਦਸਤਖਤ ਕਰ ਦਿੱਤੇ ਜਾਣਗੇ। ਇਹ ਕਦਮ ਖੇਤ ਮਜ਼ਦੂਰ ਆਗੂ ਤੇ ਮਾਨਵੀ ਹੱਕਾਂ ਬਾਰੇ ਕਾਰਕੁੰਨ ਸੇਸਰ ਸ਼ਾਵੇਜ ਉਪਰ ਸੈਕਸ ਸੋਸ਼ਣ ਦੇ ਗੰਭੀਰ ਦੋਸ਼ ਲੱਗਣ ਉਪਰੰਤ ਚੁੱਕਿਆ ਗਿਆ ਹੈ। ਪਿਛਲੇ ਹਫਤੇ ਸ਼ਾਵੇਜ ਉਪਰ ਦੋਸ਼ ਜਨਤਕ ਹੋਏ ਹਨ, ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ 1960 ਵਿਆਂ ਵਿਚ ਕੈਲੀਫੋਰਨੀਆ ਵਿਚ ਖੇਤ ਮਜ਼ਦੂਰਾਂ ਦੇ ਹੱਕਾਂ ਲਈ ਵੱਡਾ ਅੰਦੋਲਨ ਖੜ੍ਹਾ ਕਰ ਦੇਣ ਵਾਲੇ ਆਗੂ ਸ਼ਾਵੇਜ ਨੇ ਲੜਕੀਆਂ ਤੇ ਔਰਤਾਂ ਨਾਲ ਸਰੀਰਕ ਸੰਬੰਧ ਬਣਾਏ ਤੇ ਉਨ੍ਹਾਂ ਦਾ ਜਿਨਸੀ ਸੋਸ਼ਣ ਕੀਤਾ। ਸ਼ਾਵੇਜ ਉਪਰ ਦੋਸ਼ ਲਾਉਣ ਵਾਲਿਆਂ ਵਿਚ ਡੋਲੋਰਸ ਹੁਏਰਟਾ ਵੀ ਸ਼ਾਮਿਲ ਸੀ, ਜਿਸ ਨੇ ਸ਼ਾਵੇਜ ਨਾਲ ਖੇਤ ਮਜ਼ਦੂਰ ਅੰਦੋਲਨ ਦੀ ਅਗਵਾਈ ਕੀਤੀ ਸੀ।

1993 ਵਿਚ ਸ਼ਾਵੇਜ ਦੀ ਮੌਤ ਤੋਂ ਬਾਅਦ ਖੇਤ ਮਜ਼ਦੂਰਾਂ ਵਿਚ ਉਸ ਦਾ ਨਾਂ ਬੜੇ ਮਾਣ ਨਾਲ ਲਿਆ ਜਾਂਦਾ ਸੀ ਤੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਇਸ ਤਰ੍ਹਾਂ ਜਨਤਕ ਜੀਵਨ ਵਿਚੋਂ ਉਸ ਦਾ ਨਾਂ ਹਟਾ ਦਿੱਤਾ ਜਾਵੇਗਾ। ਰਿਪਬਲੀਕਨ ਸੈਨੇਟ ਮੈਂਬਰ ਸੂਜ਼ੇਟ ਵਾਲਾਡੇਰਸ ਨੇ ਬਿੱਲ ਉਪਰ ਬੋਲਦਿਆਂ ਕਿਹਾ ਕਿ ਉਸ ਦੇ ਪਰਿਵਾਰ ਨੇ ਖੇਤਾਂ ਵਿਚ ਕੰਮ ਕਰਕੇ ਆਪਣਾ ਜੀਵਨ ਜੀਵਿਆ ਹੈ ਤੇ ਉਸ ਸਮੇਂ ਸ਼ਾਵੇਜ ਦੀ ਅਗਵਾਈ ਵਾਲੇ ਅੰਦੋਲਨ ਨੇ ਵੱਖ-ਵੱਖ ਪਿਛੋਕੜਾਂ ਨਾਲ ਸੰਬੰਧ ਰੱਖਦੇ ਖੇਤ ਮਜ਼ਦੂਰਾਂ ਨੂੰ ਇਕਜੁਟ ਕਰ ਦਿੱਤਾ ਸੀ। ਹੋਰ ਸੈਨੇਟ ਮੈਂਬਰਾਂ ਨੇ ਖੇਤ ਮਜ਼ਦੂਰਾਂ ਨੂੰ ਮਹੱਤਵ ਦੇਣ ਉਪਰ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਇਮੀਗ੍ਰੇਸ਼ਨ ਦੇ ਛਾਪਿਆਂ ਦੇ ਮੱਦੇਨਜਰ ਖੇਤ ਮਜ਼ਦੂਰਾਂ ਨੂੰ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ। ਇਸ ਉਪਰੰਤ ਸੇਸਰ ਸ਼ਾਵੇਜ ਦਿਵਸ ਦੀ ਜਗਾ ਖੇਤ ਮਜ਼ਦੂਰ ਦਿਵਸ ਨਾਂ ਰੱਖਣ ਲਈ ਬਿੱਲ ਪ੍ਰਵਾਨ ਕਰ ਲਿਆ ਗਿਆ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ