ਜੈੱਕ ਨਾਲ ਉੱਚਾ ਚੁੱਕਿਆ ਜਾ ਰਿਹਾ ਮਕਾਨ ਡਿੱਗਿਆ, 3 ਮਜ਼ਦੂਰਾਂ ਦੀ ਮੌਤ
ਬਰਨਾਲਾ, 29 ਮਾਰਚ (ਰਾਜ ਪਨੇਸਰ)- ਜ਼ਿਲ੍ਹਾ ਬਰਨਾਲਾ ਦੇ ਪਿੰਡ ਫਰਵਾਹੀ ਵਿਖੇ ਜੈੱਕ ਨਾਲ ਉੱਚਾ ਚੁੱਕਿਆ ਜਿਹਾ ਜਾ ਰਿਹਾ ਮਕਾਨ ਅੱਜ ਸਵੇਰੇ ਡਿੱਗ ਗਿਆ, ਜਿਸ ਕਾਰਨ ਚਾਰ ਮਜ਼ਦੂਰ ਮਲਬੇ ਦੇ ਹੇਠਾਂ ਦੱਬ ਗਏ। ਜਿਨ੍ਹਾਂ ਵਿਚੋਂ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਇਕ ਮਜ਼ਦੂਰ ਨੂੰ ਮਲਬੇ ਵਿਚੋਂ ਕੱਢਣ ਲਈ ਯਤਨ ਕੀਤੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਪਿੰਡ ਫਰਵਾਹੀ ਦੇ ਵਸਨੀਕ ਵਿਸ਼ਾਲ ਗੋਇਲ ਪੁੱਤਰ ਸਵ. ਜੀਵਨ ਕੁਮਾਰ ਦਾ ਪਿਛਲੇ ਕਾਫੀ ਦਿਨਾਂ ਤੋਂ ਜੈੱਕ ਨਾਲ ਘਰ ਉੱਚਾ ਚੁੱਕਿਆ ਜਾ ਰਿਹਾ ਸੀ। ਅੱਜ ਸਵੇਰੇ ਸਵਾ ਕੁ ਚਾਰ ਵਜੇ ਅਚਾਨਕ ਲੈਂਟਰ ਡਿੱਗਣ ਕਾਰਨ ਘਰ ਅੰਦਰ ਪਏ ਚਾਰ ਮਜ਼ਦੂਰ ਮਲਬੇ ਹੇਠਾਂ ਦੱਬ ਗਏ। ਇਸ ਘਟਨਾ ਦਾ ਪਤਾ ਚੱਲਦਿਆਂ ਹੀ ਪਿੰਡ ਵਾਸੀ ਵੱਡੀ ਗਿਣਤੀ ਵਿਚ ਇਕੱਤਰ ਹੋ ਗਏ ਜਿਨ੍ਹਾਂ ਵਲੋਂ ਭਾਰੀ ਮੁਸ਼ੱਕਤ ਤੋਂ ਬਾਅਦ ਤਿੰਨ ਮਜ਼ਦੂਰਾਂ ਨੂੰ ਬਾਹਰ ਕੱਢ ਕੇ ਵੱਖ ਵੱਖ ਐਂਬੂਲੈਂਸਾਂ ਰਾਹੀ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖ਼ਲ ਕਰਵਾਇਆ ਗਿਆ। ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਅਤੇ ਚੌਥੇ ਮਜ਼ਦੂਰ ਨੂੰ ਮਲਬੇ ਵਿਚੋਂ ਕੱਢਣ ਲੋਕਾਂ ਵਲੋਂ ਮਲਬਾ ਹਟਾਇਆ ਜਾ ਰਿਹਾ ਹੈ। ਮਜ਼ਦੂਰ ਮੋਗਾ ਏਰੀਏ ਦੇ ਦੱਸੇ ਜਾ ਰਹੇ ਹਨ, ਜਿਨ੍ਹਾਂ ਦੀ ਅਜੇ ਪਹਿਛਾਣ ਨਹੀਂ ਹੋ ਸਕੀ।
;
;
;
;
;
;
;
;