ਅੱਤਵਾਦ ਪ੍ਰਭਾਵਿਤ ਪਰਿਵਾਰਾਂ ਦਾ ਇਕ ਵਫਦ ਰਾਜਪਾਲ ਨੂੰ ਮਿਲਿਆ
ਚੰਡੀਗੜ੍ਹ, 31 ਮਾਰਚ (ਪੀ.ਟੀ.ਆਈ.)-ਪੰਜਾਬ ਦੇ ਅੱਤਵਾਦ ਪ੍ਰਭਾਵਿਤ ਪਰਿਵਾਰਾਂ ਦੇ ਇਕ ਵਫ਼ਦ ਨੇ ਮੰਗਲਵਾਰ ਨੂੰ ਇੱਥੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਅਤੇ ਚਿੰਤਾਵਾਂ ਨੂੰ ਉਜਾਗਰ ਕਰਦੇ ਹੋਏ ਇਕ ਮੰਗ ਪੱਤਰ ਸੌਂਪਿਆ।
ਇੱਥੇ ਇਕ ਅਧਿਕਾਰਤ ਰਿਲੀਜ਼ ਅਨੁਸਾਰ, ਵਫ਼ਦ ਨੇ ਮੁੱਖ ਮੁੱਦੇ ਉਠਾਏ, ਜਿਨ੍ਹਾਂ ਵਿਚ ਸ਼ਹੀਦ ਪੁਲਿਸ ਕਰਮਚਾਰੀਆਂ ਅਤੇ ਸਰਕਾਰੀ ਕਰਮਚਾਰੀਆਂ ਦੇ ਪਰਿਵਾਰਾਂ ਲਈ ਇਕ ਲੰਬਿਤ ਵਿੱਤੀ ਪੈਕੇਜ ਅਤੇ ਮੁਆਵਜ਼ਾ ਜਾਰੀ ਕਰਨਾ, ਵਿਸ਼ੇਸ਼ ਪਰਿਵਾਰਕ ਪੈਨਸ਼ਨ ਲਾਭਾਂ ਦਾ ਵਾਧਾ ਸ਼ਾਮਲ ਹੈ। ਉਨ੍ਹਾਂ ਨੇ ਅੱਤਵਾਦ ਪੀੜਤਾਂ ਦੀਆਂ ਵਿਧਵਾਵਾਂ ਅਤੇ ਮਾਪਿਆਂ ਲਈ ਪੈਨਸ਼ਨ ਵਿਚ ਵਾਧਾ ਕਰਨ ਦੀ ਵੀ ਮੰਗ ਕੀਤੀ।
ਬਿਆਨ ਵਿਚ ਕਿਹਾ ਗਿਆ ਹੈ ਕਿ ਵਫ਼ਦ ਨੇ ਪਹਿਲਾਂ ਦੇ ਨੀਤੀਗਤ ਫੈਸਲਿਆਂ ਨੂੰ ਲਾਗੂ ਕਰਨ, ਪਲਾਟ ਅਲਾਟਮੈਂਟ ਅਤੇ ਨਿਯਮਤ ਕਰਨ ਲਈ ਸਮਾਂ ਸੀਮਾ ਵਧਾਉਣ ਅਤੇ ਅੱਤਵਾਦ ਪ੍ਰਭਾਵਿਤ ਪਰਿਵਾਰਾਂ, ਖਾਸ ਕਰਕੇ ਲਾਲ ਅਤੇ ਚਿੱਟੇ ਕਾਰਡ ਧਾਰਕਾਂ ਨੂੰ ਰਿਆਇਤੀ ਜਾਂ ਮੁਫਤ ਪਲਾਟ ਦੇਣ ਦੀ ਮੰਗ ਕੀਤੀ। ਰਾਜਪਾਲ ਕਟਾਰੀਆ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਮੁੱਦਿਆਂ 'ਤੇ ਹਮਦਰਦੀ ਨਾਲ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਸੰਬੰਧਤ ਅਧਿਕਾਰੀਆਂ ਅਤੇ ਵਿਭਾਗਾਂ ਕੋਲ ਉਠਾਉਣਗੇ ਅਤੇ ਇਹ ਯਕੀਨੀ ਬਣਾਉਣਗੇ ਕਿ ਮੰਗਾਂ ਦੀ ਸਕਾਰਾਤਮਕ ਅਤੇ ਰਚਨਾਤਮਕ ਢੰਗ ਨਾਲ ਜਾਂਚ ਕੀਤੀ ਜਾਵੇ।
ਵਫ਼ਦ ਵਿਚ ਸਤਿੰਦਰਪਾਲ ਸਿੰਘ ਸਿੱਧੂ, ਡਾ. ਬੀ. ਆਰ. ਹਸਤੀਰ, ਪ੍ਰਿੰਸ ਕੁਮਾਰ, ਰਮਨ ਕੁਮਾਰ, ਜਸਕਰਨ ਸਿੰਘ, ਮਨਜੀਤ ਕੌਰ, ਸ਼ਿੰਦਰ ਕੌਰ, ਚੰਚਲ ਮਨਹਾਸ ਅਤੇ ਹੋਰ ਸ਼ਾਮਲ ਸਨ।
;
;
;
;
;
;
;
;