ਅਟਾਰੀ ਵਾਹਗਾ ਸਰਹੱਦ 'ਤੇ ਹੋ ਰਹੀ ਰੀਟਰੀਟ ਸੈਰਾਮਨੀ ਦਾ ਸਮਾਂ ਤਬਦੀਲ
ਅਟਾਰੀ, (ਅੰਮ੍ਰਿਤਸਰ) 1 ਅਪ੍ਰੈਲ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ) - ਭਾਰਤ-ਪਾਕਿਸਤਾਨ ਦੋਵਾਂ ਗੁਆਂਢੀ ਦੇਸ਼ਾਂ ਦੀਆਂ ਸਰਹੱਦੀ ਫ਼ੌਜਾਂ ਦੀ ਕੌਮਾਂਤਰੀ ਅਟਾਰੀ-ਵਾਹਗਾ ਸਰਹੱਦ 'ਤੇ ਹੋ ਰਹੀ ਰੀਟਰੀਟ ਸੈਰਾਮਨੀ ਦਾ ਸਮਾਂ ਬਦਲ ਦਿੱਤਾ ਗਿਆ ਹੈ। ਸੀਮਾ ਸੁਰੱਖਿਆ ਬਲ ਦੇ ਜਵਾਨਾਂ ਵਲੋਂ ਨਵੇਂ ਸਮੇਂ ਅਨੁਸਾਰ ਸੈਲਾਨੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਸੀ। ਬੁੱਧਵਾਰ 1 ਅਪ੍ਰੈਲ ਨੂੰ ਭਾਰਤ ਪਾਕਿਸਤਾਨ ਦੋਹਾਂ ਦੇਸ਼ਾਂ ਦੇ ਝੰਡੇ ਦੀ ਰਸਮ 5:30 ਤੋਂ 6:00 ਵਜੇ ਹੋਈ ਹੈ। ਯਾਤਰੀ ਦੇਸ਼ ਦੀ ਸ਼ਾਨ ਤਿਰੰਗੇ ਝੰਡੇ ਦੀ ਰਸਮ ਨੂੰ ਦੇਖਣ ਲਈ ਸਮੇਂ ਸਿਰ ਪਹੁੰਚਣ ਤਾਂ ਜੋ ਉਹ ਆਪਣੀ ਮਰਜ਼ੀ ਮੁਤਾਬਕ ਦਰਸ਼ਕ ਗੈਲਰੀ ਵਿਚ ਬੈਠ ਸਕਣ। ਬੀਐਸਐਫ ਦੇ ਉੱਚ ਅਧਿਕਾਰੀਆਂ ਵਲੋਂ ਸਖਤ ਸੁਰੱਖਿਆ ਪ੍ਰਬੰਧ ਕਰ ਦਿੱਤੇ ਗਏ ਤਾਂ ਕਿ ਯਾਤਰੀਆਂ ਨੂੰ ਰੀਟਰੀਟ ਸੈਰਾਮਨੀ ਦੇਖਣ ਆਉਣ-ਜਾਣ ਸਮੇਂ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਦੱਸ ਦਈਏ ਕਿ ਪਹਿਲਾਂ ਰੀਟਰੀਟ ਸੈਰਾਮਨੀ ਦਾ ਸਮਾਂ ਸ਼ਾਮ ਪੰਜ ਤੋਂ ਸਾਢੇ ਪੰਜ ਵਜੇ ਦਾ ਸੀ। ਗਰਮੀ ਵਧਣ ਤੇ ਪਰੇਡ ਦਾ ਸਮਾਂ ਵੀ ਬਦਲ ਦਿੱਤਾ ਗਿਆ ਹੈ ਤਾਂ ਕਿ ਯਾਤਰੀਆਂ ਨੂੰ ਗਰਮੀ ਤੋਂ ਰਾਹਤ ਮਿਲ ਸਕੇ ਅਤੇ ਉਹ ਸਮੇਂ ਸਿਰ ਆਪਣੀ ਮੰਜ਼ਿਲ ਵੱਲ ਵਧ ਸਕਣ। ਅੱਜ ਝੰਡੇ ਦੀ ਰਸਮ ਨਵੇਂ ਸਮੇਂ ਅਨੁਸਾਰ ਹੋਈ ਹੈ ਜਿਸ ਨੂੰ ਦੇਖ ਕੇ ਯਾਤਰੀ ਵਾਪਸ ਘਰਾਂ ਨੂੰ ਪਰਤ ਰਹੇ ਹਨ।
;
;
;
;
;
;
;
;