ਪਾਕਿਸਤਾਨ ਤੋਂ ਆਈ ਨਸ਼ੇ ਦੀ ਖ਼ੇਪ ਸਣੇ ਦੋ ਭਾਰਤੀ ਤਸਕਰ ਕਾਬੂ
ਫਾਜ਼ਿਲਕਾ, 3 ਅਪ੍ਰੈਲ (ਪ੍ਰਦੀਪ ਕੁਮਾਰ)- ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ‘ਤੇ ਨਸ਼ੇ ਦੀ ਤਸਕਰੀ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਕਾਊਂਟਰ ਇੰਟੈਲੀਜੈਂਸ ਟੀਮ ਨੇ ਇਕ ਅਹਿਮ ਕਾਮਯਾਬੀ ਹਾਸਲ ਕੀਤੀ ਹੈ। ਸੁਰੱਖਿਆ ਏਜੰਸੀਆਂ ਨੇ ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜੀ ਗਈ ਹੈਰੋਇਨ ਦੀ ਖੇਪ ਬਰਾਮਦ ਕਰਦੇ ਹੋਏ ਦੋ ਭਾਰਤੀ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਇਹ ਕਾਰਵਾਈ ਜਲਾਲਾਬਾਦ ਇਲਾਕੇ ਦੀ ਸਰਹੱਦ ‘ਤੇ ਸਥਿਤ ਬੀਓਪੀ-ਐਨਐਸ ਵਾਲਾ ਦੇ ਨੇੜੇ ਕੀਤੀ ਗਈ, ਜਿੱਥੇ ਪਾਕਿਸਤਾਨ ਤੋਂ ਡਰੋਨ ਦੇ ਜ਼ਰੀਏ ਨਸ਼ੇ ਦੀ ਖੇਪ ਭੇਜੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਤਸਕਰਾਂ ਨੇ ਦੋ ਚਰਨਾਂ ਵਿਚ ਹੈਰੋਇਨ ਭਾਰਤ ਮੰਗਵਾਈ ਸੀ। ਪਹਿਲੇ ਚਰਨ ਵਿਚ ਖੇਪ ਸਫਲਤਾਪੂਰਵਕ ਪਹੁੰਚ ਗਈ ਸੀ, ਜਦਕਿ ਦੂਜੇ ਚਰਨ ਦੌਰਾਨ ਡਰੋਨ ਤਕਨੀਕੀ ਖ਼ਰਾਬੀ ਕਾਰਨ ਡਿੱਗ ਗਿਆ। ਪਾਕਿਸਤਾਨ ਵਿਚ ਬੈਠੇ ਤਸਕਰਾਂ ਨੇ ਭਾਰਤੀ ਤਸਕਰਾਂ ਨੂੰ ਡਰੋਨ ਦੀ ਲੋਕੇਸ਼ਨ ਭੇਜੀ, ਜਿਸ ਤੋਂ ਬਾਅਦ ਦੋਸ਼ੀਆਂ ਨੇ ਡਰੋਨ ਨੂੰ ਲੱਭ ਕੇ ਆਪਣੇ ਕੋਲ ਛੁਪਾ ਲਿਆ। ਇਸ ਦੌਰਾਨ ਜਦੋਂ ਉਹ ਡਰੋਨ ਲੱਭ ਰਹੇ ਸਨ ਤਾਂ ਕਾਊਂਟਰ ਇੰਟੈਲੀਜੈਂਸ ਟੀਮ ਨੂੰ ਗੁਪਤ ਸੂਚਨਾ ਮਿਲ ਗਈ ਅਤੇ ਤੁਰੰਤ ਕਾਰਵਾਈ ਕਰਦਿਆਂ ਦੋਵਾਂ ਨੂੰ ਕਾਬੂ ਕਰ ਲਿਆ ਗਿਆ।
ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਤਸਕਰ ਆਪਸ ਵਿਚ ਰਿਸ਼ਤੇਦਾਰ ਹਨ—ਇਕ ਮਾਮਾ ਹੈ ਅਤੇ ਦੂਜਾ ਉਸਦੀ ਭੂਆ ਦਾ ਪੁੱਤ ਹੈ। ਦੋਵੇਂ ਦੋਸ਼ੀਆਂ ਦਾ ਸੰਬੰਧ ਫਿਰੋਜ਼ਪੁਰ ਅਤੇ ਲੁਧਿਆਣਾ ਜ਼ਿਲ੍ਹਿਆਂ ਨਾਲ ਦੱਸਿਆ ਜਾ ਰਿਹਾ ਹੈ। ਟੀਮ ਨੇ ਦੋਸ਼ੀਆਂ ਦੇ ਕਬਜ਼ੇ ਤੋਂ 1 ਕਿਲੋ 996 ਗ੍ਰਾਮ ਹੈਰੋਇਨ ਅਤੇ ਪਾਕਿਸਤਾਨ ਤੋਂ ਆਇਆ ਡਰੋਨ ਬਰਾਮਦ ਕੀਤਾ ਹੈ। ਇਸ ਸੰਬੰਧੀ ਫਾਜ਼ਿਲਕਾ ਦੇ ਸਟੇਟ ਸਪੈਸ਼ਲ ਓਪਰੇਸ਼ਨ ਸੈੱਲ ਥਾਣੇ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ। ਜਲਾਲਾਬਾਦ ਦੇ ਕਾਊਂਟਰ ਇੰਟੈਲੀਜੈਂਸ ਇੰਚਾਰਜ ਰਾਜਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਦੋਵੇਂ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਲਿਆ ਹੈ ਅਤੇ ਹੁਣ ਉਨ੍ਹਾਂ ਤੋਂ ਪੁੱਛਗਿੱਛ ਕਰਕੇ ਪੂਰੇ ਨੈੱਟਵਰਕ ਦਾ ਖੁਲਾਸਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
;
;
;
;
;
;
;
;