ਪਾਣੀ ਵਾਲੀ ਟੈਂਕੀ ’ਤੇ ਚੜ੍ਹੀਆਂ ਮਾਵਾਂ-ਧੀਆਂ ਵਲੋਂ ਸਰਕਾਰ ਤੋਂ ਇਨਸਾਫ਼ ਦੀ ਮੰਗ
ਬਰਨਾਲਾ/ਰੂੜੇਕੇ ਕਲਾਂ, 7 ਅਪ੍ਰੈਲ (ਗੁਰਪ੍ਰੀਤ ਸਿੰਘ ਕਾਹਨੇਕੇ)- ਰੂੜੇਕੇ ਕਲਾਂ ਵਿਖੇ ਪਿਛਲੇ ਪੰਜ ਦਿਨਾਂ ਤੋਂ ਲੈ ਕੇ ਵਾਟਰ ਵਰਕਸ ਦੀ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਕੇ ਹੱਥਾਂ ਵਿਚ ਤੇਲ ਦੀਆਂ ਬੋਤਲਾਂ ਲੈ ਕੇ ਰੋਸ ਦਾ ਪ੍ਰਗਟਾਵਾ ਕਰ ਰਹੀਆਂ ਮਾਵਾਂ-ਧੀਆਂ ਨੇ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਿਛਲੇ ਪੰਜ ਦਿਨਾਂ ਤੋਂ ਲੈ ਕੇ ਸਾਰ ਨਾ ਲੈਣ ਦੇ ਦੋਸ਼ ਲਗਾਉਂਦਿਆਂ ਪੀੜਤ ਔਰਤ ਗੁਰਜੀਤ ਕੌਰ ਨੇ ਦੱਸਿਆ ਕਿ ਉਸਦਾ ਵਿਆਹ ਕਰੀਬ 21 ਸਾਲ ਪਹਿਲਾਂ ਪਿੰਡ ਰੂੜੇਕੇ ਕਲਾਂ ਦੇ ਨਰੈਣ ਸਿੰਘ ਨਾਲ ਹੋਇਆ ਸੀ। ਉਸਦੇ ਪਤੀ ਦੇ ਪਹਿਲਾਂ ਵੀ 2 ਵਿਆਹ ਹੋਏ ਸਨ। ਪਹਿਲੀ ਪਤਨੀ ਨੂੰ ਉਸਦੇ ਪਤੀ ਨੇ ਤਲਾਕ ਦੇ ਦਿੱਤਾ ਸੀ। ਦੂਜੀ ਪਤਨੀ ਦੀ ਮੌਤ ਹੋ ਗਈ ਸੀ। ਤੀਜੀ ਵਾਰ ਉਸ ਨਾਲ ਵਿਆਹ ਕਰਵਾਇਆ ਸੀ। ਉਸਦੀ ਕੁੱਖੋਂ ਦੋ ਬੱਚੇ ਇਕ ਲੜਕਾ ਅਤੇ ਇਕ ਲੜਕੀ ਪੈਦਾ ਹੋਏ ਸਨ। 4 ਸਾਲ ਪਹਿਲਾਂ ਉੁਸਦੇ ਪਤੀ ਨੇ ਉਸਦੀ ਨਾਜਾਇਜ਼ ਕੁੱਟਮਾਰ ਕਰਕੇ ਬੱਚਿਆਂ ਸਮੇਤ ਉਸਨੂੰ ਘਰੋਂ ਬਾਹਰ ਕੱਢ ਦਿੱਤਾ ਸੀ। ਉਸਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸਨੂੰ ਬਣਦਾ ਇਨਸਾਫ਼ ਦੁਆਇਆ ਜਾਵੇ ਤੇ ਉਸਦੇ ਪਤੀ ਖਿਲਾਫ਼ ਕਾਰਵਾਈ ਕੀਤੀ ਜਾਵੇ।
;
;
;
;
;
;
;
;