ਮੀਂਹ ਤੇ ਗੜੇਮਾਰੀ ਨਾਲ ਪੰਜਾਬ ’ਚ 1.30 ਲੱਖ ਏਕੜ ਫਸਲ ਪ੍ਰਭਾਵਿਤ
(ਰਣਜੀਤ ਸਿੰਘ ਢਿੱਲੋਂ)-ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਰਾਜ ਵਿਚ ਹਾਲ ਹੀ ਵਿਚ ਹੋਈ ਭਾਰੀ ਬਾਰਿਸ਼ ਅਤੇ ਗੜੇਮਾਰੀ ਕਾਰਨ ਕਣਕ ਅਤੇ ਹੋਰ ਹਾੜੀ ਦੀਆਂ ਫਸਲਾਂ ਨੂੰ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਲਈ ਤੁਰੰਤ ਇਕ ਉੱਚ ਪੱਧਰੀ ਟੀਮ ਭੇਜੇ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਲਿਖੇ ਇਕ ਪੱਤਰ ਵਿਚ ਗੁਰਮੀਤ ਸਿੰਘ ਖੁੱਡੀਆਂ ਨੇ ਰਾਜ ਵਿਚ ਕਣਕ ਦੀਆਂ ਫਸਲਾਂ 'ਤੇ ਹਾਲ ਹੀ ਦੇ ਮਾੜੇ ਮੌਸਮ ਦੇ ਗੰਭੀਰ ਪ੍ਰਭਾਵ ਨੂੰ ਉਜਾਗਰ ਕੀਤਾ, ਜਦੋਂਕਿ ਇਹ ਦੱਸਦੇ ਹੋਏ ਕਿ ਮੌਜੂਦਾ ਹਾੜੀ ਸੀਜ਼ਨ ਦੌਰਾਨ 35 ਲੱਖ ਹੈਕਟੇਅਰ ਰਕਬੇ ਵਿਚ ਕਣਕ ਦੀ ਬਿਜਾਈ ਕੀਤੀ ਗਈ ਸੀ, ਪਰ ਲਗਾਤਾਰ ਬਾਰਿਸ਼ ਅਤੇ ਗੜ੍ਹੇਮਾਰੀ ਨੇ ਕਾਫ਼ੀ ਨੁਕਸਾਨ ਪਹੁੰਚਾਇਆ ਹੈ, ਜਿਸ ਨਾਲ ਕਿਸਾਨ ਭਾਈਚਾਰੇ ਨੂੰ ਡੂੰਘੀ ਮੁਸੀਬਤ ’ਚ ਧੱਕ ਦਿੱਤਾ ਹੈ।
"ਰਾਜ ਖੇਤੀਬਾੜੀ ਵਿਭਾਗ ਦੇ ਮੁੱਢਲੇ ਮੁਲਾਂਕਣ ਅਨੁਸਾਰ, 1.30 ਲੱਖ ਏਕੜ ਤੋਂ ਵੱਧ ਰਕਬੇ ਵਿਚ ਫਸਲ ਦਾ ਨੁਕਸਾਨ ਹੋਇਆ ਹੈ। ਮੀਂਹ ਜਾਰੀ ਰਹਿਣ ਨਾਲ ਨੁਕਸਾਨ ਵਧ ਰਿਹਾ ਹੈ ਅਤੇ ਅੰਤਿਮ ਅੰਕੜਾ ਵਧ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਨੁਕਸਾਨ ਸਿਰਫ਼ ਕਣਕ ਤੱਕ ਹੀ ਸੀਮਿਤ ਨਹੀਂ ਹੈ, ਫਾਜ਼ਿਲਕਾ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਅੰਮ੍ਰਿਤਸਰ, ਮੋਗਾ ਅਤੇ ਮਾਨਸਾ ਸਮੇਤ ਕਈ ਜ਼ਿਲ੍ਹਿਆਂ ਵਿਚ ਸਬਜ਼ੀਆਂ, ਚਾਰਾ ਅਤੇ ਹੋਰ ਹਾੜੀ ਦੀਆਂ ਫਸਲਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਫਸਲਾਂ ਦੇ ਨੁਕਸਾਨ ਨਾਲ ਕਿਸਾਨਾਂ ਦੀ ਰੋਜ਼ੀ-ਰੋਟੀ ਅਤੇ ਰਾਜ ਦੀ ਖੇਤੀਬਾੜੀ ਆਰਥਿਤਾ ਨੂੰ ਖ਼ਤਰਾ ਪੈਦਾ ਹੋ ਰਿਹਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੰਕਟ ਦਾ ਸਾਹਮਣਾ ਕਰਨ ਲਈ ਕੀਤੇ ਜਾ ਰਹੇ ਯਤਨਾਂ ਦਾ ਵੇਰਵਾ ਦਿੰਦੇ ਹੋਏ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਸੂਬੇ ਨੇ ਫਸਲਾਂ ਦੇ ਨੁਕਸਾਨ ਦਾ ਮੁਲਾਂਕਣ ਕਰਨ ਲਈ ਪਹਿਲਾਂ ਹੀ ਇਕ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਦੇ ਦਿੱਤੇ ਹਨ। ਨੁਕਸਾਨ ਦੇ ਪੈਮਾਨੇ ਅਤੇ ਕਿਸਾਨਾਂ 'ਤੇ ਵਿੱਤੀ ਦਬਾਅ ਨੂੰ ਦੇਖਦੇ ਹੋਏ, ਉਨ੍ਹਾਂ ਨੇ ਕੇਂਦਰ ਤੋਂ ਤੁਰੰਤ ਰਾਹਤ ਅਤੇ ਮੁਆਵਜ਼ਾ ਮੰਗਿਆ ਹੈ। ਸ. ਖੁੱਡੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਵਿਸਤ੍ਰਿਤ ਮੁਲਾਂਕਣ ਲਈ ਇਕ ਕੇਂਦਰੀ ਟੀਮ ਦੀ ਤੁਰੰਤ ਲੋੜ ਹੈ, ਜਦੋਂਕਿ ਇਹ ਭਰੋਸਾ ਦਿਵਾਇਆ ਕਿ ਰਾਜ ਸਰਕਾਰ ਆਪਣੇ ਕਿਸਾਨਾਂ ਦੀ ਸਹਾਇਤਾ ਲਈ ਵਚਨਬੱਧ ਹੈ ਅਤੇ ਕੇਂਦਰੀ ਟੀਮ ਨੂੰ ਹਰ ਜ਼ਰੂਰੀ ਸਹਿਯੋਗ ਅਤੇ ਸਹਾਇਤਾ ਦੇਵੇਗੀ।
;
;
;
;
;
;
;
;
;