JALANDHAR WEATHER

ਸਰੋਵਰ ਵਿਚ ਇਕ ਵਿਅਕਤੀ ਨੇ ਮਾਰੀ ਛਾਲ, ਦੇਰ ਸ਼ਾਮ ਤੱਕ ਵੀ ਨਹੀਂ ਮਿਲ ਸਕਿਆ ਵਿਅਕਤੀ

ਤਰਨ ਤਾਰਨ, 17 ਅਪ੍ਰੈਲ (ਹਰਿੰਦਰ ਸਿੰਘ) — ਮੱਸਿਆ ਦੇ ਦਿਹਾੜੇ ਮੌਕੇ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਸਰੋਵਰ ਵਿਚ ਇਕ ਵਿਅਕਤੀ ਨੇ ਕੱਪੜਿਆਂ ਸਮੇਤ ਛਾਲ ਮਾਰ ਦਿੱਤੀ ਅਤੇ ਦੇਖਦੇ ਹੀ ਦੇਖਦੇ ਉਹ ਇਸ ਪਵਿੱਤਰ ਡੂੰਘੇ ਸਰੋਵਰ ਦੇ ਪਾਣੀ ਵਿਚ ਡੁੱਬ ਗਿਆ। ਸ੍ਰੀ ਦਰਬਾਰ ਸਾਹਿਬ ਦੇ ਮੈਨੇਜ਼ਰ ਹਰਜਿੰਦਰ ਸਿੰਘ ਪੱਟੀ ਵਲੋਂ ਹਰੀਕੇ ਤੋਂ ਗੋਤਾਖੋਰ ਮੰਗਵਾ ਕੇ ਸਰੋਵਰ ਵਿਚ ਛਾਲ ਮਾਰਨ ਵਾਲੇ ਵਿਅਕਤੀ ਦੀ ਕਾਫ਼ੀ ਭਾਲ ਕੀਤੀ, ਪਰ ਉਸ ਦਾ ਕੋਈ ਥਹੁ ਪਤਾ ਨਹੀਂ ਲੱਗਾ। ਇਸ ਸੰਬੰਧ ਵਿਚ ਜਾਣਕਾਰੀ ਦਿੰਦਿਆਂ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਸੱਤਪਾਲ ਸਿੰਘ ਅਤੇ ਮੈਨੇਜ਼ਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਮੱਸਿਆ ਦੇ ਦਿਹਾੜੇ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਆਈਆਂ ਸਨ। ਜਿਥੇ ਸ਼ਰਧਾਲੂਆਂ ਵਲੋਂ ਇਸ ਪਵਿੱਤਰ ਸਰੋਵਰ ਵਿਚ ਇਸ਼ਨਾਨ ਵੀ ਕੀਤੇ ਗਏ। ਉਨ੍ਹਾਂ ਦੱਸਿਆ ਕਿ ਮੰਜੀ ਸਾਹਿਬ ਹਾਲ ਵਿਖੇ ਕੀਰਤਨ ਸੁਣ ਰਿਹਾ ਇਕ ਵਿਅਕਤੀ ਅਚਾਨਕ ਸਰੋਵਰ ਵੱਲ ਚਲਾ ਗਿਆ ਅਤੇ ਸਰੋਵਰ ਵਿਚ ਕੱਪੜਿਆਂ ਸਮੇਤ ਛਾਲ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਸੰਗਤ ਅਤੇ ਮੌਕੇ ’ਤੇ ਮੌਜੂਦ ਸੇਵਾਦਾਰਾਂ ਨੂੰ ਲੱਗਾ ਕਿ ਉਕਤ ਵਿਅਕਤੀ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਵਿਚ ਪੰਜ ਇਸ਼ਨਾਨਾ ਕਰਨ ਲੱਗਾ ਹੈ, ਪਰ ਉਸ ਵਿਅਕਤੀ ਵਲੋਂ ਇਕਦਮ ਛਾਲ ਮਾਰਨ ਤੋਂ ਬਾਅਦ ਉਹ ਵਿਅਕਤੀ ਸਰੋਵਰ ਵਿਚ ਲਗਾਏ ਗਏ ਜੰਗਲਿਆਂ ਤੋਂ ਅੱਗੇ ਚਲਾ ਗਿਆ ਅਤੇ ਪਾਣੀ ਦੇ ਵਿਚ ਹੇਠਾਂ ਡੁੱਬ ਡਿਆ। ਉਥੇ ਮੌਜੂਦ ਸੰਗਤਾਂ ਅਤੇ ਸੇਵਾਦਾਰਾਂ ਨੇ ਪਾਣੀ ਵਿਚ ਉਤਰ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਉਸ ਨੂੰ ਬਚਾਅ ਨਹੀਂ ਸਕੇ। ਤੁਰੰਤ ਹੀ ਹਰੀਕੇ ਪੱਤਣ ਤੋਂ ਗੋਤਾਖੋਰ ਮੰਗਵਾਏ ਗਏ, ਜਿੰਨਾਂ ਵਲੋਂ ਭਾਰੀ ਕਸ਼ਮਕੱਸ਼ ਕੀਤੀ ਗਈ, ਪਰ ਦੇਰ ਸ਼ਾਮ ਤੱਕ ਪਾਣੀ ਵਿਚ ਡੁੱਬੇ ਵਿਅਕਤੀ ਦਾ ਕੋਈ ਪਤਾ ਨਹੀਂ ਲੱਗਾ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਸਵੇਰੇ ਫਿਰ ਗੋਤਾਖੋਰਾਂ ਵਲੋਂ ਪਾਣੀ ਵਿਚੋਂ ਇਸ ਵਿਅਕਤੀ ਦੀ ਭਾਲ ਕੀਤੀ ਜਾਵੇਗੀ। ਸਰੋਵਰ ਵਿਚ ਛਾਲ ਮਾਰਨ ਵਾਲੇ ਵਿਅਕਤੀ ਬਾਰੇ ਕੋਈ ਵੀ ਪਤਾ ਨਹੀਂ ਲੱਗ ਸਕਿਆ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ