ਚੋਣ ਨਾ ਲੜਨ ਲਈ 'ਆਪ' ਆਗੂ ਨੂੰ ਧਮਕੀਆਂ, ਘਰ 'ਤੇ ਕੀਤੀ ਫਾਇਰਿੰਗ
ਜੰਡਿਆਲਾ ਗੁਰੂ (ਅੰਮ੍ਰਿਤਸਰ), 20 ਅਪ੍ਰੈਲ (ਪ੍ਰਮਿੰਦਰ ਸਿੰਘ ਜੋਸਨ, ਹਰਜਿੰਦਰ ਸਿੰਘ ਕਲੇਰ) - ਜੰਡਿਆਲਾ ਗੁਰੂ ਦੀ ਜੋਤੀਸਰ ਕਾਲੋਨੀ ਵਿਚ ਆਮ ਆਦਮੀ ਪਾਰਟੀ ਦੇ ਇਕ ਆਗੂ ਨੂੰ ਨਗਰ ਕੌਂਸਲ ਜੰਡਿਆਲਾ ਗੁਰੂ ਦੀਆਂ ਆਉਣ ਵਾਲੀਆਂ ਚੋਣਾਂ ਨਾ ਲੜਨ ਦੀਆਂ ਮਿਲਦੀਆਂ ਧਮਕੀਆਂ ਉਪਰੰਤ ਬੀਤੀ ਦੇਰ ਰਾਤ ਉਸ ਦੇ ਘਰ 'ਤੇ ਚਾਰ ਅਣਪਛਾਤੇ ਵਿਅਕਤੀਆਂ ਵਲੋਂ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਦੇ ਆਗੂ ਸੁਰਿੰਦਰ ਕੁਮਾਰ ਸੋਨੂੰ ਵਾਸੀ ਜੋਤੀਸਰ ਕਾਲੋਨੀ ਜੰਡਿਆਲਾ ਗੁਰੂ ਨੇ ਦੱਸਿਆ ਕਿ ਉਹ ਜੰਡਿਆਲਾ ਗੁਰੂ ਨਗਰ ਕੌਂਸਲ ਦੀਆਂ ਹੋਣ ਵਾਲੀਆਂ ਚੋਣਾਂ ਸੰਬੰਧੀ ਕਾਫੀ ਦੇਰ ਤੋਂ ਚੋਣ ਲੜਨ ਦੀ ਤਿਆਰੀ ਕਰ ਰਿਹਾ ਹੈ ਅਤੇ ਉਸ ਨੂੰ ਤਿਨ ਕੁ ਮਹੀਨੇ ਤੋਂ ਚੋਣਾਂ ਨਾ ਲੜਨ ਲਈ ਧਮਕੀਆਂ ਮਿਲ ਰਹੀਆਂ ਹਨ ਅਤੇ ਚੋਣਾਂ ਲੜਨ 'ਤੇ ਉਸ ਨੂੰ ਮਾੜੇ ਨਤੀਜੇ ਭੁਗਤਣ ਸੀ ਚਿਤਾਵਨੀ ਦਿੱਤੀ ਜਾ ਰਹੀ ਸੀ । ਸੁਰਿੰਦਰ ਕੁਮਾਰ ਸੋਨੂੰ ਨੇ ਦੱਸਿਆ ਕਿ ਬੀਤੀ ਰਾਤ 12 ਵਜੇ ਦੇ ਕਰੀਬ ਲਗਭਗ ਦੋ ਮੋਟਰਸਾਈਕਲਾਂ 'ਤੇ ਮੂੰਹ ਬੰਨ ਕੇ ਆਏ ਚਾਰ ਅਣਪਛਾਤੇ ਵਿਅਕਤੀਆਂ ਵਿਚੋਂ ਇੱਕ ਮੋਟਰਸਾਈਕਲ 'ਤੇ ਪਿੱਛੇ ਬੈਠਾ ਵਿਅਕਤੀ ਉਤਰ ਕੇ ਘਰ ਦੇ ਦੋਵਾਂ ਗੇਟਾਂ ਤੇ 8-9 ਦੇ ਲਗਭਗ ਗੋਲੀਆਂ ਮਾਰਦਾ ਹੈ ਅਤੇ ਕੁਝ ਹਵਾਈ ਫਾਇਰ ਕਰਦਾ ਹੈ ਅਤੇ ਇਸ ਉਪਰੰਤ ਉਹ ਫਰਾਰ ਹੋ ਜਾਂਦੇ ਹਨ ।
ਪੀੜਤ ਸੁਰਿੰਦਰ ਕੁਮਾਰ ਸੋਨੂੰ ਨੇ ਦੱਸਿਆ ਕਿ ਤਿੰਨ ਕੁ ਮਹੀਨੇ ਤੋਂ ਉਸ ਉਸ ਨੂੰ ਨਗਰ ਕੌਂਸਲ ਦੀ ਚੋਣ ਨਾ ਲੜਨ ਲਈ ਫੋਨ ਕਾਲਾਂ ਆ ਰਹੀਆਂ ਸਨ ਅਤੇ ਉਸ ਕੋਲੋਂ ਪਹਿਲਾਂ 50 ਲੱਖ ਤੇ ਫਿਰ 20 ਲੱਖ ਦੀ ਫਿਰੌਤੀ ਵੀ ਮੰਗੀ ਗਈ। ਉਸ ਉੱਪਰ ਹੁਣ ਇਹ ਤੀਸਰਾ ਹਮਲਾ ਹੋਇਆ ਹੈ ਅਤੇ ਇਸ ਤੋਂ ਪਹਿਲਾਂ ਘਰ ਦੇ ਬਾਹਰ ਹਵਾਈ ਫਾਇਰਿੰਗ ਕੀਤੀ ਗਈ ਸੀ । ਘਟਨਾ ਦਾ ਪਤਾ ਲੱਗਣ 'ਤੇ ਬੀਤੀ ਦੇਰ ਰਾਤ ਸਥਾਨਕ ਪੁਲਿਸ ਮੌਕੇ 'ਤੇ ਪੁੱਜੀ ਅਤੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ ।
;
;
;
;
;
;
;
;