ਪਾਕਿਸਤਾਨ ਵਲੋਂ ਅਮਰੀਕਾ-ਇਰਾਨ ਵਿਚਾਲੇ ਕਰਵਾਈ ਗਈ ਜੰਗਬੰਦੀ ਟੁੱਟਣ ਕੰਢੇ , ਸਮਾਂ ਸੀਮਾ ਭਲਕੇ ਹੋਣ ਜਾ ਰਹੀ ਹੈ ਸਮਾਪਤ ।
ਇਸਲਾਮਾਬਾਦ (ਪਾਕਿਸਤਾਨ), 21 ਅਪ੍ਰੈਲ- ਜਿਵੇਂ ਜਿਵੇਂ ਅਮਰੀਕਾ - ਇਰਾਨ ਵਿਚਾਲੇ ਜੰਗਬੰਦੀ ਦੀ ਮਿਆਦ ਪੁੱਗਣ ਵਲ ਵਧ ਰਹੀ ਹੈ , ਪਾਕਿਸਤਾਨ ਨੇ ਇਸ ਜੰਗਬੰਦੀ ਦੀ ਮਿਆਦ ਨੂੰ ਵਧਾਉਣ ਲਈ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ ਹਨ । ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸ਼ਾਕ ਡਾਰ ਨੇ ਅੱਜ ਅਮਰੀਕਾ ਅਤੇ ਇਰਾਨ ਦੋਵਾਂ ਨੂੰ ਜੰਗਬੰਦੀ ਦੀ ਮਿਆਦ ਵਧਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ "ਸੰਵਾਦ ਅਤੇ ਕੂਟਨੀਤੀ" ਹੀ ਖੇਤਰੀ ਸਥਿਰਤਾ ਲਈ ਇੱਕੋ ਇਕ ਵਿਹਾਰਕ ਰਸਤਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪਾਈ ਇਕ ਪੋਸਟ ਮੁਤਾਬਿਕ ਪਾਕਿਸਤਾਨ ਦੇ ਵਿਦੇਸ਼ ਮੰਤਰੀ ਡਾਰ ਨੇ ਇਸਲਾਮਾਬਾਦ ਵਿਚ ਉੱਚ ਪੱਧਰੀ ਬੈਠਕਾਂ ਕੀਤੀਆਂ ਜਿਨ੍ਹਾਂ ਵਿਚ ਅਮਰੀਕਾ ਦੇ ਚਾਰਜ ਡੀ' ਅਫੇਅਰਸ ਨਤਾਲੀ ਬੇਕਰ ਵੀ ਸ਼ਾਮਲ ਹੈ ।
ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਬਿਆਨ ਮੁਤਾਬਿਕ , ਪਾਕਿਸਤਾਨ ਦੋਵਾਂ ਮੁਲਕਾਂ ਵਿਚਾਲੇ ਆਹਮੋ ਸਾਹਮਣੇ ਦੀ ਬੈਠਕ ਲਈ ਜ਼ੋਰ ਲਾ ਰਿਹਾ ਹੈ ਅਤੇ ਚਾਹੁੰਦਾ ਹੈ ਕਿ ਜੰਗਬੰਦੀ ਦੀ ਮਿਆਦ ਵਿਚ ਜਲਦ ਹੀ ਵਾਧਾ ਹੋ ਜਾਵੇ । ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇਕ ਐਕਸ ਪੋਸਟ ਰਾਹੀਂ ਦੱਸਿਆ ,"ਅਮਰੀਕਾ ਦੇ ਚਾਰਜ ਡੀ'ਅਫੇਅਰਜ਼ ਨੈਟਲੀ ਏ. ਬੇਕਰ ਨੇ ਅੱਜ ਉਪ ਪ੍ਰਧਾਨ ਮੰਤਰੀ/ਵਿਦੇਸ਼ ਮੰਤਰੀ ਸੈਨੇਟਰ ਮੁਹੰਮਦ ਇਸ਼ਕ ਡਾਰ ਨਾਲ ਮੁਲਾਕਾਤ ਕੀਤੀ। ਚਰਚਾਵਾਂ ਵਿਚ ਹਾਲੀਆ ਖੇਤਰੀ ਵਿਕਾਸ ਨੂੰ ਸ਼ਾਮਲ ਕੀਤਾ ਗਿਆ। ਉਪ ਪ੍ਰਧਾਨ ਮੰਤਰੀ/ਵਿਦੇਸ਼ ਮੰਤਰੀ ਨੇ ਚੁਣੌਤੀਆਂ ਦੇ ਹੱਲ ਅਤੇ ਸਥਾਈ ਖੇਤਰੀ ਸ਼ਾਂਤੀ ਅਤੇ ਸਥਿਰਤਾ ਦੀ ਪ੍ਰਾਪਤੀ ਲਈ ਇੱਕੋ ਇਕ ਵਿਹਾਰਕ ਸਾਧਨ ਵਜੋਂ ਗੱਲਬਾਤ ਅਤੇ ਕੂਟਨੀਤੀ 'ਤੇ ਪਾਕਿਸਤਾਨ ਦੇ ਨਿਰੰਤਰ ਯਤਨਾਂ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਸੰਯੁਕਤ ਰਾਜ ਅਤੇ ਈਰਾਨ ਵਿਚਕਾਰ ਸ਼ਮੂਲੀਅਤ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ, ਦੋਵਾਂ ਧਿਰਾਂ ਨੂੰ ਜੰਗਬੰਦੀ ਨੂੰ ਵਧਾਉਣ 'ਤੇ ਵਿਚਾਰ ਕਰਨ ਅਤੇ ਗੱਲਬਾਤ ਅਤੇ ਕੂਟਨੀਤੀ ਨੂੰ ਇੱਕ ਮੌਕਾ ਦੇਣ ਦੀ ਅਪੀਲ ਕੀਤੀ," ਜ਼ਿਕਰਯੋਗ ਹੈ ਕਿ ਅਮਰੀਕਾ-ਇਰਾਨ ਵਿਚਾਲੇ ਜੰਗਬੰਦੀ ਦੀ ਮਿਆਦ ਭਲਕੇ 23 ਅਪ੍ਰੈਲ ਨੂੰ ਖ਼ਤਮ ਹੋਣ ਜਾ ਰਹੀ ਹੈ ਅਤੇ ਦੋਵੇਂ ਮੁਲਕ ਫਿਰ ਤੋਂ ਜੰਗ ਦੇ ਮੁਹਾਜ਼ 'ਤੇ ਹਨ ।
;
;
;
;
;
;
;
;