JALANDHAR WEATHER

ਹਿਮਾਚਲ ਪ੍ਰਦੇਸ਼ ਵਿਚ 24 ਅਪ੍ਰੈਲ ਤੋਂ ਬਰਫ਼ਬਾਰੀ ਅਤੇ ਮੀਂਹ ਦੀ ਪੇਸ਼ੀਨਗੋਈ

ਸ਼ਿਮਲਾ, 23 ਅਪ੍ਰੈਲ - ਹਿਮਾਚਲ ਪ੍ਰਦੇਸ਼ ਵਿਚ 24 ਅਪ੍ਰੈਲ ਤੋਂ ਬਰਫ਼ਬਾਰੀ, ਗੜੇ ਪੈਣ ਅਤੇ ਮੀਂਹ ਦਾ ਇਕ ਹੋਰ ਸਿਲਸਿਲਾ ਸ਼ੁਰੂ ਹੋਣ ਦੀ ਸੰਭਾਵਨਾ ਹੈ। ਸੂਬਾ ਦੇ ਮੌਸਮ ਵਿਭਾਗ ਨੇ ਇਸ ਦੇ ਮੱਦੇਨਜ਼ਰ 24, 25, 28 ਅਤੇ 29 ਅਪ੍ਰੈਲ ਲਈ 'ਯੈਲੋ ਅਲਰਟ' ਜਾਰੀ ਕਰ ਦਿੱਤਾ ਹੈ। ਮੌਸਮ ਵਿਭਾਗ ਨੇ 24 ਅਪ੍ਰੈਲ ਨੂੰ ਕੁਲੂ, ਕਾਂਗੜਾ ਅਤੇ ਚੰਬਾ ਜ਼ਿਲ੍ਹਿਆਂ ਲਈ ਵੀ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ, ਜਿਸ ਕਾਰਨ ਬਿਜਲੀ ਲਿਸ਼ਕਣ ਅਤੇ ਤੇਜ਼ ਹਵਾਵਾਂ ਦੇ ਨਾਲ ਬੱਦਲਾਂ ਦੀ ਜ਼ੋਰਦਾਰ ਗਰਜ ਸੁਣਨ ਨੂੰ ਮਿਲ ਸਕਦੀ ਹੈ।


ਵਿਭਾਗ ਮੁਤਾਬਕ 24 ਅਤੇ 26 ਅਪ੍ਰੈਲ ਨੂੰ ਸੂਬੇ ਦੇ ਉੱਚੇ ਪਹਾੜੀ ਇਲਾਕਿਆਂ ਵਿਚ ਬਰਫ਼ਬਾਰੀ ਅਤੇ ਮੀਂਹ ਪੈ ਸਕਦਾ ਹੈ। ਇਸੇ ਤਰ੍ਹਾਂ 25, 28 ਅਤੇ 29 ਅਪ੍ਰੈਲ ਨੂੰ ਪੂਰੇ ਹਿਮਾਚਲ ਵਿਚ ਭਾਰੀ ਮੀਂਹ ਤੇ ਬਰਫ਼ਬਾਰੀ ਦੀ ਸੰਭਾਵਨਾ ਹੈ, ਜਦਕਿ 27 ਅਪ੍ਰੈਲ ਨੂੰ ਮੱਧ ਅਤੇ ਉੱਚੀਆਂ ਪਹਾੜੀਆਂ ਵਿੱਚ ਮੀਂਹ ਪੈਣ ਦੀ ਉਮੀਦ ਹੈ। ਹਾਲਾਂਕਿ, ਇਸ ਸਭ ਦੇ ਬਾਵਜੂਦ ਸੂਬੇ ਦੇ ਘੱਟੋ-ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਵਿਚ ਕੋਈ ਖਾਸ ਫਰਕ ਨਹੀਂ ਪਵੇਗਾ।


ਬਾਰਡਰ ਰੋਡਜ਼ ਅਥਾਰਟੀ (ਬੀ.ਆਰ.ਓ.) ਨੇ ਬਿਆਸ ਨਾਲਾ ਵਿਚ ਬਰਫ਼ ਖਿਸਕਣ ਵਾਲੇ ਸਥਾਨ 'ਤੇ ਬਰਫ਼ ਸਾਫ਼ ਕਰ ਦਿੱਤੀ ਹੈ, ਜਿੱਥੇ ਦੋਵਾਂ ਪਾਸਿਆਂ ਤੋਂ 20 ਫੁੱਟ ਉੱਚੀ ਬਰਫ਼ ਦੀ ਕੰਧ ਬਣ ਗਈ ਹੈ। ਮਨਾਲੀ-ਲੇਹ ਰਾਸ਼ਟਰੀ ਰਾਜਮਾਰਗ, ਜੋ ਕਿ ਰੋਹਤਾਂਗ ਦੱਰੇ ਵਿਚੋਂ ਲੰਘਦਾ ਹੈ, ਜੋ ਕਿ ਸਮੁੰਦਰ ਤਲ ਤੋਂ 13,050 ਫੁੱਟ ਦੀ ਉਚਾਈ 'ਤੇ ਸਥਿਤ ਹੈ, 4 ਮਹੀਨਿਆਂ ਤੋਂ ਬੰਦ ਹੈ। ਬੀ.ਆਰ.ਓ. ਟੀਮ ਰਸਤੇ ਨੂੰ ਬਹਾਲ ਕਰਨ ਲਈ ਕੰਮ ਕਰ ਰਹੀ ਹੈ। ਮਨਾਲੀ ਤੋਂ ਲਗਭਗ 35 ਕਿਲੋਮੀਟਰ ਦੂਰ ਮਾਰੀ ਤੱਕ ਬਰਫ਼ ਹਟਾਉਣ ਦਾ ਕੰਮ ਪੂਰਾ ਹੋ ਗਿਆ ਹੈ, ਜਦੋਂ ਕਿ ਬਾਕੀ ਖੇਤਰਾਂ ਵਿਚ ਬਰਫ਼ ਕਟਰ ਅਤੇ ਡੋਜ਼ਰ ਜਾਰੀ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ