JALANDHAR WEATHER

ਭਵਾਨੀਗੜ੍ਹ ਟਰੱਕ ਯੂਨੀਅਨ ਹੋਈ ਦੌਫ਼ਾੜ

ਭਵਾਨੀਗੜ੍ਹ (ਸੰਗਰੂਰ), 25 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ) - ਸਥਾਨਕ ਟਰੱਕ ਯੂਨੀਅਨ ਵਿਖੇ ਅੱਜ ਉਸ ਸਮੇਂ ਦੌਫ਼ਾੜ ਹੋ ਗਈ ਜਦੋਂ ਪੁਲਿਸ ਪ੍ਰਸਾਸ਼ਨ ਨੇ ਕਮੇਟੀ ਮੈਂਬਰਾਂ ਅਤੇ ਚੋਣ ਲੜਨ ਦੀ ਤਿਆਰੀ ਕਰ ਰਹੇ ਵਿਅਕਤੀਆਂ ਨੂੰ ਕਥਿਤ ਤੌਰ ’ਤੇ ਫੜ ਕੇ ਡੀ.ਐਸ.ਪੀ. ਦਫ਼ਤਰ ਬਿਠਾਉਂਦਿਆਂ ਮਾਲਵਿੰਦਰ ਸਿੰਘ ਮਾਲਾ ਨੂੰ ਟਰੱਕ ਅਪਰੇਟਰਾਂ ਵਲੋਂ ਪ੍ਰਧਾਨ ਬਣਾਇਆ ਗਿਆ, ਜਦੋਂ ਕਿ ਬਾਅਦ ਵਿਚ ਕਮੇਟੀ ਦੇ ਕੁਝ ਮੈਂਬਰਾਂ ਅਤੇ ਚੋਣ ਲੜਨ ਵਾਲੇ ਕੁਝ ਵਿਅਕਤੀਆਂ ਇਕਜੁੱਟਤਾ ਕਰਦਿਆਂ ਲਵਲੀ ਕਾਕੜਾ ਨੂੰ ਪ੍ਰਧਾਨ ਬਣਾਇਆ। ਇਸ ਮੌਕੇ ’ਤੇ ਆਪ ਪਾਰਟੀ ਵੀ ਦੌਫਾੜ ਹੋਈ ਨਜ਼ਰ ਆਈ। ਵਿਧਾਇਕਾ ਨਰਿੰਦਰ ਕੌਰ ਭਾਰਜ ਨੂੰ ਮੌਜੂਦਗੀ ਵਿਚ ਆਪ ਦੇ ਇਕ ਆਗੂ ਅਤੇ ਪੁਲਿਸ ਖ਼ਿਲਾਫ਼ ਅਪਰੇਟਰਾਂ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਲਵਲੀ ਕਾਕੜਾ ਨੂੂੰ ਪੁਲਿਸ ਵਲੋਂ ਟਰੱਕ ਯੂਨੀਅਨ ਵਿਚੋਂ ਚੁੱਕ ਕੇ ਲੈ ਜਾਣ ਨਾਲ ਮਾਹੌਲ ਇਕ ਵਾਰ ਫ਼ਿਰ ਗਰਮਾ ਗਿਆ। ਅਪਰੇਟਰਾਂ ਮੁੱਖ ਸੜਕ ’ਤੇ ਜਾਮ ਲਗਾ ਕੇ ਇਸ ਧੱਕੇ ਵਿਰੁੱਧ ਨਾਅਰੇਬਾਜ਼ੀ ਕੀਤੀ।
ਟਰੱਕ ਯੂਨੀਅਨ ਦੇ ਆਗੂਆਂ ਦੱਸਿਆ ਕਿ ਉਨ੍ਹਾਂ ਸਾਰੇ ਸਾਬਕਾ ਪ੍ਰਧਾਨਾਂ ਅਤੇ ਚੋਣ ਲੜਨ ਵਾਲੇ ਵਿਅਕਤੀਆਂ ਨੂੰ ਪੁਲਿਸ ਵਲੋਂ ਡੀ.ਐਸ.ਪੀ. ਦਫ਼ਤਰ ਬੁਲਾ ਕੇ ਮੀਟਿੰਗ ਕਰਨ ਬਾਰੇ ਕਿਹਾ ਤਾਂ ਉਹ ਕਰੀਬ 3 ਵਜੇ ਡੀ.ਐਸ.ਪੀ ਦਫ਼ਤਰ ਜਾ ਕੇ ਗੱਲਬਾਤ ਕਰਨ ਲੱਗੇ ਤਾਂ ਪਤਾ ਲੱਗਿਆ ਕਿ ਮਾਲਵਿੰਦਰ ਸਿੰਘ ਮਾਲਾ ਪ੍ਰਧਾਨ ਬਣ ਗਿਆ ਹੈ। ਇਸ ਦਾ ਪਤਾ ਲਗਦਿਆਂ ਹੀ ਚੋਣ ਲੜਨ ਵਾਲੇ ਵਿਅਕਤੀ ਜਿਨ੍ਹਾਂ ਵਿਚ ਆਪ ਆਗੂ ਗੁਰਪ੍ਰੀਤ ਸਿੰਘ ਬਾਲਦ, ਲਵਲੀ ਕਾਕੜਾ, ਲਖਵਿੰਦਰ ਸਿੰਘ ਲੱਖਾ ਅਤੇ ਕਈ ਹੋਰ ਵਿਅਕਤੀ ਪੁਲਿਸ ਦੀ ਧੱਕੇਸ਼ਾਹੀ ਤੋਂ ਭੜਕਦਿਆਂ ਬਾਹਰ ਆਉਣ ਲੱਗੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਧੱਕੇ ਨਾਲ ਗੱਡੀਆਂ ਵਿਚ ਬਿਠਾਉਣਾ ਸ਼ੁਰੂ ਕਰਦਿਆਂ ਉਨ੍ਹਾਂ ਦੀ ਪੁਲਿਸ ਨਾਲ ਝੜਪ ਹੋ ਗਈ। ਪੁਲਿਸ ਵਲੋਂ ਉਨ੍ਹਾਂ ਉਥੇ ਹੀ ਬਿਠਾ ਲਿਆ ਗਿਆ।
ਓਧਰ ਇਸ ਦਾ ਪਤਾ ਲਗਦਿਆਂ ਹੀ ਵਿਧਾਇਕਾ ਨਰਿੰਦਰ ਕੌਰ ਭਰਾਜ ਫੌਰਨ ਡੀ.ਐਸ.ਪੀ. ਦਫ਼ਤਰ ਪਹੁੰਚ ਕੇ ਆਪਣੇ ਆਗੂਆਂ ਨੂੰ ਛੁਡਵਾਉਂਦਿਆਂ ਡੀ.ਐਸ.ਪੀ. ਨੂੰ ਕਥਿਤ ਤੌਰ ’ਤੇ ਸਰਕਾਰ ਦੀ ਬਦਨਾਮੀ ਕਰਾਉਣ ਜਿਹੇ ਸ਼ਬਦ ਬੋਲਦਿਆਂ ਉਨ੍ਹਾਂ ਵਲੋਂ ਧੱਕੇਸ਼ਾਹੀ ਨਾਲ ਪ੍ਰਧਾਨ ਬਣਾਉਣ ਦੇ ਦੋਸ਼ ਲਗਾਏ ਅਤੇ ਵਿਧਾਇਕਾ ਦੀ ਮੌਜੂਦਗੀ ਵਿਚ ਆਪ ਦੇ ਇਕ ਆਗੂ ਅਤੇ ਪੁਲਿਸ ਖ਼ਿਲਾਫ਼ ਆਪ ਆਗੂਆਂ ਅਤੇ ਟਰੱਕ ਅਪਰੇਟਰਾਂ ਨੇ ਨਾਅਰੇਬਾਜ਼ੀ ਕੀਤੀ।
ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਪੁਲਿਸ ਪ੍ਰਸਾਸ਼ਨ ਵਲੋਂ 2 ਮਹੀਨੇ ਪਹਿਲਾਂ ਨਿਰਪੱਖ ਚੋਣ ਕਰਾਉਣ ਦਾ ਵਾਅਦਾ ਕੀਤਾ ਗਿਆ ਸੀ, ਪਰ ਅੱਜ ਪੁਲਿਸ ਨੇ ਆਪ ਆਗੂਆਂ ਅਤੇ ਕਮੇਟੀ ਮੈਂਬਰਾਂ ਨੂੰ ਅੰਦਰ ਡੱਕ ਕੇ ਚੋਣ ਕਰਾਉਣ ਨਾਲ ਸਰਕਾਰ ਦੀ ਬਦਨਾਮੀ ਕਰਾਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਕਿਸੇ ਨੂੰ ਬਿਨ੍ਹਾਂ ਭਿਣਕ ਲੱਗੇ ਪ੍ਰਧਾਨ ਬਣਾਉਣਾ ਵੱਡਾ ਧੱਕਾ ਹੈ। ਉਨ੍ਹਾਂ ਕਿਹਾ ਕਿ ਟਰੱਕ ਅਪਰੇਟਰਾਂ ਦੀ ਇਸ ਸੰਸਥਾ ਵਿਚ ਉਹ ਆਪਣੀ ਮਰਜੀ ਨਾਲ ਜਿਸ ਨੂੰ ਮਰਜ਼ੀ ਪ੍ਰਧਾਨ ਬਣਾਉਣ ਲਈ ਫੈਸਲਾ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕੰਮ ਟਰੱਕ ਯੂਨੀਅਨ ’ਚ ਦਖ਼ਲ ਅੰਦਾਜ਼ੀ ਕਰਨਾ ਨਹੀਂ ਬਲਕਿ ਆਪਣੇ ਬੰਦਿਆਂ ਨੂੰ ਛੁਡਾਉਣਾ ਹੈ।
ਟਰੱਕ ਯੂਨੀਅਨ ਦੇ ਪ੍ਰਧਾਨ ਬਣੇ ਮਾਲਵਿੰਦਰ ਸਿੰਘ ਮਾਲਾ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਪ੍ਰਸਾਸ਼ਨ ਦੀ ਸਹਿਮਤੀ ਨਾਲ ਚੋਣ ਦੌਰਾਨ ਉਨ੍ਹਾਂ ਨੂੰ ਟਰੱਕ ਅਪਰੇਟਰਾਂ ਨੇ ਪ੍ਰਧਾਨ ਚੁਣਿਆ ਹੈ, ਉਹ ਟਰੱਕ ਅਪਰੇਟਰਾਂ ਪੱਖੀ ਵਧੀਆ ਕੰਮ ਕਰਨਗੇ।
ਲਵਲੀ ਕਾਕੜਾ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਚੋਣ ਲੜਨ ਵਾਲੇ ਆਗੂ ਅਤੇ ਸਾਬਕਾ ਪ੍ਰਧਾਨ ਦੀ ਸਹਿਮਤੀ ਨਾਲ ਟਰੱਕ ਅਪਰੇਟਰਾਂ ਨੇ ਪ੍ਰਧਾਨ ਬਣਾਇਆ ਹੈ। ਇਹ ਵੀ ਪਤਾ ਲੱਗਿਆ ਕਿ ਪ੍ਰਧਾਨ ਬਨਣ ਤੋਂ ਕੁਝ ਸਮੇਂ ਬਾਅਦ ਹੀ ਪੁਲਿਸ ਨੇ ਲਵਲੀ ਕਾਕੜਾ ਅਤੇ ਕੁਝ ਹੋਰ ਵਿਅਕਤੀਆਂ ਨੂੰ ਯੂਨੀਅਨ ਵਿਚੋਂ ਕਥਿਤ ਤੌਰ ’ਤੇ ਧੱਕੇ ਨਾਲ ਚੁੱਕ ਕੇ ਹਿਰਾਸਤ ਵਿਚ ਲੈ ਲਿਆ, ਜਿਸ ਦੇ ਰੋਸ ਵਜੋਂ ਟਰੱਕ ਅਪਰੇਟਰਾਂ ਮੁੱਖ ਸੜਕ ’ਤੇ ਜਾਮ ਲਗਾ ਕੇ ਨਾਅਰੇਬਾਜ਼ੀ ਕੀਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ