JALANDHAR WEATHER

ਪ੍ਰਸਿੱਧ ਫੋਟੋਗ੍ਰਾਫਰ ਰਘੂ ਰਾਏ ਦਾ ਦਿਹਾਂਤ

ਨਵੀਂ ਦਿੱਲੀ , 26 ਅਪ੍ਰੈਲ - ਭਾਰਤ ਦੇ ਸਭ ਤੋਂ ਪ੍ਰਸਿੱਧ ਅਤੇ ਸਤਿਕਾਰਤ ਫੋਟੋਗ੍ਰਾਫਰ ਰਘੂ ਰਾਏ, ਜਿਨ੍ਹਾਂ ਨੇ ਆਪਣੇ ਕੈਮਰੇ ਦੀ ਅੱਖ ਰਾਹੀਂ ਭਾਰਤ ਦੇ ਕਈ ਰੰਗਾਂ ਅਤੇ ਇਤਿਹਾਸਕ ਪਲਾਂ ਨੂੰ ਦੁਨੀਆ ਸਾਹਮਣੇ ਪੇਸ਼ ਕੀਤਾ, ਅੱਜ ਤੜਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। 83 ਸਾਲਾ ਰਘੂ ਰਾਏ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਦਿੱਲੀ ਦੇ ਇਕ ਨਿੱਜੀ ਹਸਪਤਾਲ ਵਿਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨਾਲ ਕਲਾ ਅਤੇ ਪੱਤਰਕਾਰੀ ਦੇ ਖੇਤਰ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

ਰਘੂ ਰਾਏ ਦੇ ਪੁੱਤਰ ਅਤੇ ਖੁਦ ਇਕ ਜਾਣੇ-ਪਛਾਣੇ ਫੋਟੋਗ੍ਰਾਫਰ ਨਿਤਿਨ ਰਾਏ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਪਿਛਲੇ 2 ਸਾਲਾਂ ਤੋਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਜੂਝ ਰਹੇ ਸਨ। ਉਨ੍ਹਾਂ ਦੱਸਿਆ, “ ਪਿਤਾ ਜੀ ਨੂੰ 2 ਸਾਲ ਪਹਿਲਾਂ ਪ੍ਰੋਸਟੇਟ ਕੈਂਸਰ ਹੋਇਆ ਸੀ, ਜੋ ਠੀਕ ਹੋ ਗਿਆ ਸੀ। ਬਾਅਦ ਵਿਚ ਇਹ ਪੇਟ ਤੱਕ ਫੈਲ ਗਿਆ। ਹਾਲ ਹੀ ਵਿਚ ਕੈਂਸਰ ਉਨ੍ਹਾਂ ਦੇ ਦਿਮਾਗ ਤੱਕ ਫੈਲ ਗਿਆ ਸੀ ਅਤੇ ਵਧਦੀ ਉਮਰ ਕਾਰਨ ਹੋਰ ਵੀ ਕਈ ਸਰੀਰਕ ਮੁਸ਼ਕਲਾਂ ਪੈਦਾ ਹੋ ਗਈਆਂ ਸਨ।

ਰਘੂ ਰਾਏ ਨੂੰ ਭਾਰਤ ਦੇ ਦ੍ਰਿਸ਼ਟੀਗਤ ਇਤਿਹਾਸ ਨੂੰ ਕੈਦ ਕਰਨ ਵਾਲਾ ਸਭ ਤੋਂ ਮਹਾਨ ਫੋਟੋਗ੍ਰਾਫਰ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਭੋਪਾਲ ਗੈਸ ਤ੍ਰਾਸਦੀ, ਮਦਰ ਟੈਰੇਸਾ, ਇੰਦਰਾ ਗਾਂਧੀ ਅਤੇ 1984 ਦੇ ਸਿੱਖ ਦੰਗਿਆਂ ਨੂੰ ਆਪਣੇ ਕੈਮਰੇ ਰਾਹੀਂ ਇਤਿਹਾਸਕ ਤਸਵੀਰਾਂ ਵਿਚ ਕੈਦ ਕੀਤਾ। ਉਨ੍ਹਾਂ ਨੂੰ ਹੈਨਰੀ ਕਾਰਟੀਅਰ-ਬ੍ਰੇਸਨ ਦੁਆਰਾ ਮੈਗਨਮ ਫੋਟੋਜ਼ ਦਾ ਮੈਂਬਰ ਬਣਨ ਲਈ ਨਾਮਜ਼ਦ ਕੀਤਾ ਗਿਆ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ