ਸ਼ੰਭੂ ਰੇਲ ਧਮਾਕੇ 'ਚ ਮਾਰੇ ਗਏ ਜਗਰੂਪ ਸਿੰਘ ਦਾ ਹੋਇਆ ਪੋਸਟਮਾਰਟਮ ਪਰਿਵਾਰਕ ਮੈਂਬਰਾਂ ਨੇ ਲਾਸ਼ ਪਛਾਣਨ ਅਤੇ ਲੈਣ ਤੋਂ ਕਰ ਦਿੱਤੀ ਸੀ ਨਾਂਹ
ਰਾਜਪੁਰਾ (ਪਟਿਆਲਾ), 8 ਮਈ (ਜੀ.ਪੀ. ਸਿੰਘ)-ਸ਼ੰਭੂ ਰੇਲ ਬੰਬ ਧਮਾਕੇ 'ਚ ਮਾਰੇ ਗਏ ਜਗਰੂਪ ਸਿੰਘ ਦਾ ਅੱਜ ਸਥਾਨਕ ਏ.ਪੀ. ਜੈਨ ਹਸਪਤਾਲ 'ਚ ਐਸ. ਡੀ. ਐੱਮ. ਰਾਜਪੁਰਾ ਦੀ ਪ੍ਰਵਾਨਗੀ ਤੋਂ ਬਾਅਦ ਪੁਲਿਸ ਦੀ ਨਿਗਰਾਨੀ 'ਚ ਪੋਸਟਮਾਰਟਮ ਕਰਵਾ ਦਿੱਤਾ ਗਿਆ | ਰੇਲਵੇ ਪੁਲਿਸ ਦੇ ਕਾਰਜਕਾਰੀ ਐੱਸ. ਐੱਚ. ਓ. ਪਟਿਆਲਾ ਥਾਣੇਦਾਰ ਰਵੀ ਦੱਤ ਨੇ ਸਿਵਲ ਹਸਪਤਾਲ ਦੇ ਮੁਰਦਾਘਰ ਬਾਹਰ ਗੱਲਬਾਤ ਕਰਦਿਆਂ ਦੱਸਿਆ ਕਿ 27 ਅਪ੍ਰੈਲ ਦੀ ਰਾਤ ਨੂੰ ਰਾਜਪੁਰਾ-ਸ਼ੰਭੂ ਮੁੱਖ ਰੇਲ ਮਾਰਗ 'ਤੇ ਧਮਾਕਾ ਹੋਇਆ ਸੀ, ਜਿਸ ਵਿਚ ਰੇਲ ਲਾਈਨਾਂ 'ਤੇ ਬੰਬ ਲਾਉਣ ਵਾਲੇ ਦੇ ਪਰਖ਼ਚੇ ਉੱਡ ਗਏ ਸਨ | ਬਾਅਦ 'ਚ ਬੰਬ ਲਾਉਣ ਵਾਲੇ ਦੀ ਪਛਾਣ ਜਗਰੂਪ ਸਿੰਘ ਵਾਸੀ ਪਿੰਡ ਪੰਜਵੜ੍ਹ ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਸੀ | ਪਰ ਪਰਿਵਾਰ ਦੇ ਮੈਂਬਰਾਂ ਨੇ ਮਿ੍ਤਕ ਦੀ ਲਾਸ਼ ਲੈਣ ਅਤੇ ਪਹਿਚਾਣ ਕਰਨ ਤੋਂ ਨਾਂਹ ਕਰ ਦਿੱਤੀ ਸੀ, ਜਿਸ 'ਤੇ ਕਾਨੂੰਨੀ ਕਾਰਵਾਈ ਕਰਦਿਆਂ ਅੱਜ ਐੱਸ.ਡੀ.ਐੱਮ. ਰਾਜਪੁਰਾ ਸੁਖਜਿੰਦਰ ਸਿੰਘ ਟਿਵਾਣਾ ਵਲੋਂ ਮਿਲੀ ਪ੍ਰਵਾਨਗੀ ਤੋਂ ਬਾਅਦ ਜਗਰੂਪ ਸਿੰਘ ਦਾ ਪੋਸਟਮਾਰਟਮ ਕਰਵਾ ਦਿੱਤਾ ਗਿਆ ਹੈ ਤੇ ਇਕ ਰਾਜਪੁਰਾ ਦੀ ਸਮਾਜਸੇਵੀ ਸੰਸਥਾ ਇਸ ਦਾ ਸਸਕਾਰ ਕਰ ਰਹੀ ਹੈ | ਇਸ ਸੰਬੰਧੀ ਐਮਰਜੈਂਸੀ ਮੈਡੀਕਲ ਅਫ਼ਸਰ ਡਾਕਟਰ ਜਤਿੰਦਰਬੀਰ ਕੌਰ ਨੇ ਦੱਸਿਆ ਕਿ ਜਗਰੂਪ ਸਿੰਘ ਦੇ ਪੋਸਟਮਾਰਟਮ ਲਈ ਡਾ. ਜਤਿੰਦਰਬੀਰ ਕੌਰ, ਡਾ. ਧਰਮਵੀਰ ਸਿੰਘ ਅਤੇ ਡਾ. ਉਪਕਾਰ ਸਿੰਘ 'ਤੇ ਆਧਾਰਿਤ 3 ਡਾਕਟਰਾਂ ਦਾ ਬੋਰਡ ਬਣਾਇਆ ਗਿਆ ਸੀ | ਪੋਸਟਮਾਰਟਮ ਦੌਰਾਨ ਮਿ੍ਤਕ ਦਾ ਵਿਸਰਾ ਸਮੇਤ ਕਈ ਨਮੂਨੇ ਲਏ ਗਏ ਹਨ ਤੇ ਡੀ.ਐੱਨ.ਏ. ਲਈ ਵੀ ਵਿਸ਼ੇਸ਼ ਤੌਰ 'ਤੇ ਨਮੂਨਾ ਲਿਆ ਗਿਆ ਹੈ | ਪੋਸਟਮਾਰਟਮ ਸਮੇਂ ਕਾਰਜਕਾਰੀ ਐੱਸ.ਐੱਚ.ਓ. ਰਵੀ ਦੱਤ, ਰਾਜਪੁਰਾ ਪੁਲਿਸ ਚੌਕੀ ਦੇ ਇੰਚਾਰਜ ਥਾਣੇਦਾਰ ਜਸਵਿੰਦਰ ਸਿੰਘ, ਸਹਾਇਕ ਥਾਣੇਦਾਰ ਨਿਰਮਲ ਸਿੰਘ ਸਮੇਤ ਹੋਰ ਹਾਜ਼ਰ ਸਨ |
;
;
;
;
;
;
;
;