ਜਨਗਣਨਾ ਡਿਊਟੀ ਦੌਰਾਨ ਅਧਿਆਪਕ ਹੋਇਆ ਬੇਹੋਸ਼
ਪਠਾਨਕੋਟ, 19 ਮਈ (ਸੰਧੂ) - ਭਿਆਨਕ ਗਰਮੀ ਅਤੇ ਲਗਾਤਾਰ ਚੱਲ ਰਹੀ ਹੀਟ ਵੇਵ ਕਾਰਨ ਜਨਗਣਨਾ ਡਿਊਟੀ ਨਿਭਾ ਰਹੇ ਅਧਿਆਪਕਾਂ ਅਤੇ ਕਰਮਚਾਰੀਆਂ ਦੀ ਸਿਹਤ ਉੱਤੇ ਮਾੜਾ ਅਸਰ ਪੈਣਾ ਸ਼ੁਰੂ ਹੋ ਗਿਆ ਹੈ। ਇਸ ਦਾ ਤਾਜ਼ਾ ਉਦਾਹਰਣ ਉਸ ਵੇਲੇ ਸਾਹਮਣੇ ਆਇਆ ਜਦੋਂ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਤੰਗੋਸ਼ਾਹ ਵਿਚ ਤਾਇਨਾਤ ਵੋਕੇਸ਼ਨਲ ਲੈਕਚਰਾਰ ਜਤਿੰਦਰ ਕੁਮਾਰ, ਜੋ ਕਿ ਪਠਾਨਕੋਟ ਦੇ ਮੁਹੱਲਾ ਭਦਰੋਆ ਦੇ ਰਹਿਣ ਵਾਲੇ ਹਨ, ਜਨਗਣਨਾ ਸਰਵੇ ਦੌਰਾਨ ਬਧਾਨੀ ਖੇਤਰ ਵਿਚ ਡਿਊਟੀ ਨਿਭਾਉਂਦੇ ਸਮੇਂ ਭਿਆਨਕ ਗਰਮੀ ਕਾਰਨ ਬੇਹੋਸ਼ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਜਤਿੰਦਰ ਕੁਮਾਰ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਵਲੋਂ ਮੁੱਢਲਾ ਇਲਾਜ ਕਰਨ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ। ਇਸ ਘਟਨਾ ਤੋਂ ਬਾਅਦ ਅਧਿਆਪਕ ਵਰਗ ਵਿਚ ਚਿੰਤਾ ਦਾ ਮਾਹੌਲ ਬਣ ਗਿਆ ਹੈ ਅਤੇ ਜਨਗਣਨਾ ਡਿਊਟੀ ਕਰ ਰਹੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਰਹੇ ਹਨ।ਇਸ ਸੰਬੰਧੀ ਮਾਸਟਰ ਕੈਡਰ ਯੂਨੀਅਨ ਜ਼ਿਲ੍ਹਾ ਪਠਾਨਕੋਟ ਦੇ ਪ੍ਰਧਾਨ ਰਮਨ ਕੁਮਾਰ, ਜਨਰਲ ਸਕੱਤਰ ਪਵਨ ਕੁਮਾਰ, ਸੂਬਾ ਕਮੇਟੀ ਮੈਂਬਰ ਰਾਕੇਸ਼ ਸ਼ਰਮਾ ਆਦਿ ਆਗੂਆਂ ਨੇ ਦੱਸਿਆ ਕਿ ਵੱਧ ਰਹੀ ਗਰਮੀ ਦੇ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਸੀ ਕਿ ਸੂਬੇ ਅੰਦਰ ਵੱਖ-ਵੱਖ ਜ਼ਿਲਿਆਂ ਵੱਲੋਂ ਜੋ ਜਨਗਣਨਾ ਸਟਾਫ ਨੂੰ ਸਕੂਲਾਂ ਤੋਂ 15 ਮਈ ਤੋਂ 13 ਜੂਨ ਤੱਕ ਰਿਲੀਫ ਕੀਤਾ ਗਿਆ ਹੈ ਉਸ ਸੰਬੰਧੀ ਪੱਤਰ ਜਾਰੀ ਕੀਤਾ ਜਾਵੇ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਇਸ ਸੰਬੰਧੀ ਕੋਈ ਵੀ ਠੋਸ ਕਦਮ ਵਾਰ ਵਾਰ ਮੰਗ ਕਰਨ ਤੇ ਨਹੀਂ ਚੁੱਕੇ ਗਏ ਯੂਨੀਅਨ ਆਗੂਆਂ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਕੋਲ ਜ਼ੋਰਦਾਰ ਮੰਗ ਕੀਤੀ ਗਈ ਹੈ ਕਿ ਪੰਜਾਬ ਦੇ ਹੋਰ ਜ਼ਿਲ੍ਹਿਆਂ ਦੀ ਤਰ੍ਹਾਂ ਪਠਾਨਕੋਟ ਵਿਚ ਵੀ ਜਨਗਣਨਾ ਡਿਊਟੀ ਨਿਭਾਅ ਰਹੇ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਸਕੂਲਾਂ ਦੀਆਂ ਡਿਊਟੀਆਂ ਤੋਂ ਪੂਰੀ ਤਰ੍ਹਾਂ ਰਿਲੀਵ ਕੀਤਾ ਜਾਵੇ। ਯੂਨੀਅਨ ਦਾ ਕਹਿਣਾ ਹੈ ਕਿ ਇਕ ਪਾਸੇ ਅਧਿਆਪਕ ਸਕੂਲਾਂ ਵਿਚ ਆਪਣੀ ਨਿਯਮਿਤ ਡਿਊਟੀ ਨਿਭਾਅ ਰਹੇ ਹਨ ਅਤੇ ਦੂਜੇ ਪਾਸੇ ਉਨ੍ਹਾਂ ਨੂੰ ਤਪਦੀ ਦੁਪਹਿਰ ਵਿਚ ਜਨਗਣਨਾ ਸਰਵੇ ਲਈ ਘਰ-ਘਰ ਜਾਣਾ ਪੈ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੀ ਸਿਹਤ ਤੇ ਗੰਭੀਰ ਅਸਰ ਪੈ ਸਕਦਾ ਹੈ।ਯੂਨੀਅਨ ਆਗੂਆਂ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਗਰਮੀ ਦਾ ਪ੍ਰਕੋਪ ਕਾਫੀ ਵੱਧ ਚੁੱਕਾ ਹੈ ਅਤੇ ਹੀਟ ਵੇਵ ਦੇ ਚਲਦੇ ਦੁਪਹਿਰ ਦੇ ਸਮੇਂ ਮੈਦਾਨੀ ਡਿਊਟੀ ਕਰਨਾ ਬਹੁਤ ਮੁਸ਼ਕਿਲ ਬਣ ਗਿਆ ਹੈ।
ਜੇਕਰ ਸਮੇਂ ਸਿਰ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਪੂਰੀ ਤਰ੍ਹਾਂ ਫਾਰਗ ਨਾ ਕੀਤਾ ਗਿਆ ਤਾਂ ਹੋਰ ਵੀ ਅਣਚਾਹੀਆਂ ਘਟਨਾਵਾਂ ਵਾਪਰ ਸਕਦੀਆਂ ਹਨ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।ਮਾਸਟਰ ਕੈਡਰ ਯੂਨੀਅਨ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਅਧਿਆਪਕਾਂ ਅਤੇ ਕਰਮਚਾਰੀਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਪਹਿਲ ਦੇਂਦੇ ਹੋਏ ਤੁਰੰਤ ਯੋਗ ਫੈਸਲਾ ਲਿਆ ਜਾਵੇ, ਤਾਂ ਜੋ ਉਹ ਬਿਨਾਂ ਕਿਸੇ ਦਬਾਅ ਅਤੇ ਖਤਰੇ ਦੇ ਆਪਣੀ ਜਨਗਣਨਾ ਡਿਊਟੀ ਸੁਚੱਜੇ ਢੰਗ ਨਾਲ ਨਿਭਾ ਸਕਣ।
;
;
;
;
;
;
;
;