JALANDHAR WEATHER

ਕੰਪਨੀ ਦੇ ਐਕਸਪੋਰਟ ਯੂਨਿਟ ਵਿਚ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਬਚਾਅ

ਡੇਰਾਬੱਸੀ/ਲਾਲੜੂ (ਮੁਹਾਲੀ) 24 ਮਈ ਰਣਬੀਰ ਸਿੰਘ ਪੜ੍ਹੀ/ਅਲੀ/ਰਾਜਵੀਰ ਸਿੰਘ) - ਨੇੜਲੇ ਪਿੰਡ ਲਹਿਲੀ ਵਿਖੇ ਸਥਿਤ ਨਾਹਰ ਕੰਪਨੀ ਦੇ ਐਕਸਪੋਰਟ ਯੂਨਿਟ ਵਿਚ ਅੱਧੀ ਰਾਤ ਨੂੰ ਭਿਆਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਕਾਰਨ ਫੈਕਟਰੀ ਅੰਦਰ ਹਫ਼ੜਾ-ਦਫ਼ੜੀ ਮਚ ਗਈ, ਪਰ ਰਾਹਤ ਦੀ ਗੱਲ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅੱਗ ਲੱਗਣ ਦੇ ਅਸਲ ਕਾਰਨਾਂ ਅਤੇ ਨੁਕਸਾਨ ਦੇ ਪੂਰੇ ਵੇਰਵਿਆਂ ਦਾ ਅਜੇ ਤੱਕ ਸਪੱਸ਼ਟ ਪਤਾ ਨਹੀਂ ਲੱਗ ਸਕਿਆ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਸਥਿਤ ਨਾਹਰ ਫੈਕਟਰੀ ਦੇ ਐਕਸਪੋਰਟ ਯੂਨਿਟ ਵਿਚ ਬਣੇ ਰੂੰ ਦੀਆਂ ਗੰਢਾਂ ਦੇ ਸਟੋਰ ਵਿਚ ਰਾਤ ਕਰੀਬ 2 ਵਜੇ ਅਚਾਨਕ ਭਿਆਨਕ ਅੱਗ ਲੱਗ ਗਈ। ਰੂੰ ਹੋਣ ਕਾਰਨ ਅੱਗ ਨੇ ਦੇਖਦੇ ਹੀ ਦੇਖਦੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਪੂਰੇ ਹਿੱਸੇ ਨੂੰ ਆਪਣੀ ਲਪੇਟ ਵਿਚ ਲੈ ਲਿਆ। ਅੱਗ ਦੀ ਭਿਆਨਕਤਾ ਕਾਰਨ ਫੈਕਟਰੀ ਦਾ ਇਕ ਵੱਡਾ ਸ਼ੈੱਡ ਵੀ ਨੁਕਸਾਨਿਆ ਗਿਆ ਅਤੇ ਹੇਠਾਂ ਡਿੱਗ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਡੇਰਾਬੱਸੀ, ਅੰਬਾਲਾ, ਰਾਜਪੁਰਾ, ਸਟੀਲ ਸਟ੍ਰਿਪਸ ਲਹਿਲੀ ਅਤੇ ਖ਼ੁਦ ਨਾਹਰ ਕੰਪਨੀ ਦੀਆਂ ਫਾਇਰ ਬ੍ਰਿਗੇਡ ਦੀਆਂ ਦਰਜਨਾਂ ਗੱਡੀਆਂ ਮੌਕੇ ’ਤੇ ਪਹੁੰਚੀਆਂ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਕਈ ਘੰਟਿਆਂ ਦੀ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਹਾਲਾਂਕਿ ਰੂੰ ਦੀਆਂ ਗੰਢਾਂ ਅੰਦਰ ਤੱਕ ਸੁਲਗ ਰਹੀਆਂ ਹੋਣ ਕਾਰਨ ਦਮਕਲ ਵਿਭਾਗ ਦੀਆਂ ਗੱਡੀਆਂ ਖ਼ਬਰ ਲਿਖੇ ਜਾਣ ਤੱਕ ਪੂਰੀ ਤਰ੍ਹਾਂ ਅੱਗ ਬੁਝਾਉਣ ਅਤੇ ਸਥਿਤੀ ਨੂੰ ਕੰਟਰੋਲ ਹੇਠ ਕਰਨ ਦੀ ਜੱਦੋਜਹਿਦ ਵਿਚ ਜੁਟੀਆਂ ਹੋਈਆਂ ਸਨ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ