ਖਾਲੀ ਪਲਾਟ ‘ਚੋਂ ਸ਼ੱਕੀ ਹਾਲਤ ਵਿਚ ਮਿਲੀ ਨੌਜਵਾਨ ਦੀ ਲਾਸ਼
ਮੋਗਾ, 24 ਮਈ - ਮੋਗਾ-ਕੋਟਕਪੂਰਾ ਰੇਲਵੇ ਫਲਾਈਓਵਰ ਬ੍ਰਿਜ ਕੋਲ ਖਾਲੀ ਪਲਾਟ ‘ਚੋਂ ਨੌਜਵਾਨ ਦੀ ਸ਼ੱਕੀ ਹਾਲਤ ਵਿਚ ਲਾਸ਼ ਮਿਲੀ ਹੈ। ਸੂਚਨਾ ਮਿਲ 'ਤੇ ਪੁਲਿਸ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਵਿਚ ਜੁਟ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਅਮਨਦੀਪ ਸਿੰਘ (35) ਵਾਸੀ ਪਿੰਡ ਮਹਿਮੇ ਆਣਾ, ਮੋਗਾ ਵਜੋਂ ਹੋਈ ਹੈ।
ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਅਮਨਦੀਪ ਸਿੰਘ ਆਪਣੇ ਦੋਸਤ ਕ੍ਰਿਸ਼ਨ ਸੈਣੀ, ਜੋ ਕਿ ਕੌਂਸਲਰ ਦੀ ਚੋਣ ਲੜ ਰਹੇ ਹਨ, ਦੇ ਚੋਣ ਪ੍ਰਚਾਰ ਲਈ ਮੋਗਾ ਆਇਆ ਹੋਇਆ ਸੀ। ਚੋਣ ਪ੍ਰਚਾਰ ਤੋਂ ਬਾਅਦ ਉਹ ਸ਼ਾਮ ਕਰੀਬ ਸਾਢੇ ਸੱਤ ਵਜੇ ਆਪਣੇ ਪਿੰਡ ਲਈ ਨਿਕਲਿਆ ਸੀ, ਪਰ ਘਰ ਨਹੀਂ ਪਹੁੰਚਿਆ। ਜਿਸ ਤੋਂ ਬਾਅਦ ਉਨ੍ਹਾਂ ਵਲੋਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਅਤੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਗਈ।
ਅੱਜ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇਕ ਖਾਲੀ ਪਲਾਟ ਵਿਚ ਲਾਸ਼ ਪਈ ਹੈ। ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਲਾਸ਼ ਦੀ ਪਹਿਚਾਣ ਅਮਨਦੀਪ ਸਿੰਘ ਉਰਫ਼ ਅਮਨਾ ਵਜੋਂ ਹੋਈ। ਇਹ ਦੇਖ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ।ਪਰਿਵਾਰਿਕ ਮੈਂਬਰਾਂ ਨੇ ਅੱਗੇ ਦੱਸਿਆ ਕਿ ਮ੍ਰਿਤਕ ਦੋ ਬੱਚੀਆਂ ਦਾ ਪਿਤਾ ਸੀ। ਉਨ੍ਹਾਂ ਪ੍ਰਸ਼ਾਸਨ ਅੱਗੇ ਮੰਗ ਕੀਤੀ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ।
ਉਧਰ ਡੀਐਸਪੀ ਜਤਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਰਿਵਾਰ ਵਲੋਂ ਪਹਿਲਾਂ ਹੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ ਸੀ ਅਤੇ ਪੁਲਿਸ ਵਲੋਂ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਸੀ। ਹੁਣ ਨੌਜਵਾਨ ਦੀ ਲਾਸ਼ ਖਾਲੀ ਪਲਾਟ ਵਿਚੋਂ ਮਿਲੀ ਹੈ ਅਤੇ ਹੁਣ ਗੁੰਮਸ਼ੁਦਗੀ ਦੀ ਰਿਪੋਰਟ ਵਿਚ 302 ਦਾ ਵਾਧਾ ਕਰ ਦਿੱਤਾ ਗਿਆ।ਉਨ੍ਹਾਂ ਕਿਹਾ ਕਿ ਪੁਲਿਸ ਹਰ ਪੱਖ ਨੂੰ ਧਿਆਨ ਵਿਚ ਰੱਖ ਕੇ ਜਾਂਚ ਕਰ ਰਹੀ ਹੈ ਅਤੇ ਫੋਰੈਂਸਿਕ ਟੀਮਾਂ ਨੂੰ ਵੀ ਮੌਕੇ ‘ਤੇ ਬੁਲਾਇਆ ਗਿਆ ਹੈ ਤਾਂ ਜੋ ਮਾਮਲੇ ਦੀ ਅਸਲ ਸੱਚਾਈ ਸਾਹਮਣੇ ਆ ਸਕੇ।
;
;
;
;
;
;
;
;