ਬਲਟਾਣਾ ਵਿਚ ਫਿਰ ਖੂਨੀ ਝੜਪ, ਨੌਜਵਾਨ ਨੂੰ ਘੇਰ ਕੇ ਬੇਰਹਿਮੀ ਦੇ ਨਾਲ ਕੁੱਟਿਆ
ਜੀਰਕਪੁਰ , 30 ਮਈ (ਅਲੀ)-ਬਲਟਾਣਾ ਵਿਚ ਲਗਾਤਾਰ ਸਾਹਮਣੇ ਆ ਰਹੀਆਂ ਹਿੰਸਕ ਘਟਨਾਵਾਂ ਨੇ ਇਲਾਕਾ ਵਾਸੀਆਂ ਦੀ ਚਿੰਤਾ ਵਧਾ ਦਿੱਤੀ ਹੈ। ਪੀਰ ਬਾਬਾ ਰੋਡ ਸਥਿਤ ਮਲਿਕ ਸਟੇਸ਼ਨਰੀ ਦੇ ਨੇੜੇ ਦੋ ਧੜਿਆਂ ਵਿਚਾਲੇ ਹੋਈ ਖੂਨੀ ਝੜਪ ਵਿਚ ਇਕ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਇਹ ਘਟਨਾ ਉਸ ਵੇਲੇ ਸਾਹਮਣੇ ਆਈ ਹੈ ਜਦੋਂ ਕੁਝ ਦਿਨ ਪਹਿਲਾਂ ਹੀ ਰਾਮਲੀਲਾ ਗਰਾਊਂਡ ਰੋਡ ’ਤੇ ਵੀ ਹਿੰਸਕ ਟਕਰਾਅ ਦੀ ਘਟਨਾ ਵਾਪਰੀ ਸੀ।
ਪ੍ਰਤੱਖਦਰਸ਼ੀਆਂ ਮੁਤਾਬਕ, ਰਾਤ ਕਰੀਬ 10 ਵਜੇ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋਵੇਂ ਧੜੇ ਆਹਮੋ-ਸਾਹਮਣੇ ਹੋ ਗਏ। ਪਹਿਲਾਂ ਦੋਹਾਂ ਪੱਖਾਂ ਵਿਚਾਲੇ ਤਕਰਾਰ ਹੋਈ ਪਰ ਕੁਝ ਹੀ ਸਮੇਂ ਵਿਚ ਮਾਮਲਾ ਕੁੱਟਮਾਰ ਤੱਕ ਪਹੁੰਚ ਗਿਆ। ਦੋਸ਼ ਹੈ ਕਿ ਇਕ ਨੌਜਵਾਨ ਨੂੰ ਘੇਰ ਕੇ ਜ਼ਮੀਨ ’ਤੇ ਸੁੱਟ ਦਿੱਤਾ ਗਿਆ ਅਤੇ ਉਸ ਨਾਲ ਬੇਰਹਿਮੀ ਨਾਲ ਮਾਰਕੁੱਟ ਕੀਤੀ ਗਈ। ਘਟਨਾ ਦੌਰਾਨ ਇਲਾਕੇ ਵਿਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਅਤੇ ਲੋਕ ਆਪਣੇ ਘਰਾਂ ਵਿਚ ਵੜਨ ਲਈ ਮਜ਼ਬੂਰ ਹੋ ਗਏ।
ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ ਬਲਟਾਣਾ ਵਿਚ ਨਸ਼ੇ ਦਾ ਗੈਰ-ਕਾਨੂੰਨੀ ਕਾਰੋਬਾਰ ਲਗਾਤਾਰ ਵੱਧ ਰਿਹਾ ਹੈ, ਜਿਸ ਕਾਰਨ ਅਸਮਾਜਿਕ ਅਨਸਰਾਂ ਦੇ ਹੌਸਲੇ ਬੁਲੰਦ ਹੋ ਰਹੇ ਹਨ। ਲੋਕਾਂ ਦਾ ਦੋਸ਼ ਹੈ ਕਿ ਨਸ਼ੇ ਦੀ ਆਸਾਨ ਉਪਲੱਬਧਤਾ ਕਾਰਨ ਨੌਜਵਾਨਾਂ ਵਿਚ ਹਿੰਸਕ ਰੁਝਾਨ ਵਧ ਰਿਹਾ ਹੈ ਅਤੇ ਇਲਾਕੇ ਦਾ ਸਮਾਜਿਕ ਮਾਹੌਲ ਪ੍ਰਭਾਵਿਤ ਹੋ ਰਿਹਾ ਹੈ।
ਘਟਨਾ ਤੋਂ ਬਾਅਦ ਲੋਕਾਂ ਨੇ ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ। ਹਾਲਾਂਕਿ ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਪੁਲਿਸ ਨੂੰ ਮੌਕੇ ’ਤੇ ਪਹੁੰਚਣ ਵਿਚ ਕਾਫੀ ਸਮਾਂ ਲੱਗ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਪੁਲਿਸ ਸਮੇਂ ਸਿਰ ਪਹੁੰਚ ਜਾਂਦੀ ਤਾਂ ਸਥਿਤੀ ਨੂੰ ਹੋਰ ਵਿਗੜਨ ਤੋਂ ਰੋਕਿਆ ਜਾ ਸਕਦਾ ਸੀ।
ਲਗਾਤਾਰ ਹੋ ਰਹੀਆਂ ਹਿੰਸਕ ਘਟਨਾਵਾਂ ਕਾਰਨ ਇਲਾਕੇ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਇਲਾਕੇ ਵਿਚ ਪੁਲਿਸ ਗਸ਼ਤ ਵਧਾਉਣ, ਨਸ਼ੇ ਦੇ ਕਾਰੋਬਾਰ ’ਤੇ ਸਖ਼ਤ ਕਾਰਵਾਈ ਕਰਨ ਅਤੇ ਅਸਮਾਜਿਕ ਅਨਸਰਾਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਉਣ ਦੀ ਮੰਗ ਕੀਤੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਰਾਤ ਨੂੰ ਐਕਸੀਡੈਂਟ ਸਪਾਟ ’ਤੇ ਜਾਣ ਕਾਰਨ ਪੁਲਿਸ ਨੂੰ ਮੌਕੇ ’ਤੇ ਪਹੁੰਚਣ ਵਿਚ ਕੁਝ ਸਮਾਂ ਲੱਗ ਗਿਆ। ਇਸ ਤੋਂ ਬਾਅਦ ਮੌਕੇ ਦਾ ਜਾਇਜ਼ਾ ਲੈ ਕੇ ਸੰਬੰਧਤ ਵਿਅਕਤੀ ਨੂੰ ਟਰੇਸ ਕੀਤਾ ਗਿਆ, ਜੋ ਸੈਕਟਰ-32 ਵਿਚ ਦਾਖ਼ਲ ਮਿਲਿਆ। ਪਰਿਵਾਰ ਨੇ ਉਕਤ ਵਿਅਕਤੀ ਨੂੰ ਬੇਦਖ਼ਲ ਕੀਤਾ ਹੋਇਆ ਹੈ। ਡਾਕਟਰਾਂ ਨੇ ਦੱਸਿਆ ਕਿ ਉਹ ਫਿਲਹਾਲ ਬਿਆਨ ਦੇਣ ਦੀ ਹਾਲਤ ਵਿਚ ਨਹੀਂ ਹੈ। ਹਰਜਿੰਦਰ ਸਿੰਘ, ਇੰਚਾਰਜ ਪੁਲਿਸ ਚੌਕੀ ਬਲਟਾਣਾ ਦਾ ਕਹਿਣਾ ਹੈ ਕਿ ਸ਼ਿਕਾਇਤ ਮਿਲੇ ਜਾਂ ਨਾ ਮਿਲੇ, ਇਸ ਤਰ੍ਹਾਂ ਮਾਹੌਲ ਖ਼ਰਾਬ ਕਰਨ ਵਾਲਿਆਂ ਖ਼ਿਲਾਫ਼ ਪੁਲਿਸ ਸੂਚਨਾ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਜ਼ਰੂਰ ਕਰੇਗੀ।
;
;
;
;
;
;
;
;
;