JALANDHAR WEATHER

ਲੁਧਿਆਣਾ ਪੁਲਿਸ ਦੀ ਵੱਡੀ ਕਾਰਵਾਈ, ਰਿਵਾਲਵਰ ਦੇ ਜ਼ੋਰ 'ਤੇ ਲੁੱਟਾਂ-ਖੋਹਾਂ ਕਰਨ ਵਾਲਾ ਮੁਲਜ਼ਮ ਕਾਬੂ

ਲੁਧਿਆਣਾ, 2 ਜੂਨ 2026- ਲੁਧਿਆਣਾ ਪੁਲਿਸ ਨੇ ਅਪਰਾਧੀਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਇਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਆਈ.ਪੀ.ਐਸ. ਦੇ ਦਿਸ਼ਾ-ਨਿਰਦੇਸ਼ਾਂ ਹੇਠ ਥਾਣਾ ਕੂੰਮ ਕਲਾਂ ਅਧੀਨ ਚੌਂਕੀ ਕਟਾਣੀ ਕਲਾਂ ਦੀ ਪੁਲਿਸ ਟੀਮ ਨੇ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਵਿਚ ਸ਼ਾਮਲ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਹਿਚਾਣ ਕੁਲਵਿੰਦਰ ਸਿੰਘ ਉਰਫ਼ ਸੀਪਾ ਵਜੋਂ ਹੋਈ ਹੈ, ਜੋ ਪਿੰਡ ਬਲਾਲਾ, ਥਾਣਾ ਸਮਰਾਲਾ, ਜ਼ਿਲ੍ਹਾ ਲੁਧਿਆਣਾ ਦਾ ਰਹਿਣ ਵਾਲਾ ਹੈ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੁਲਜ਼ਮ ਬਿਨਾਂ ਨੰਬਰ ਪਲੇਟ ਵਾਲੇ ਕਾਲੇ ਰੰਗ ਦੇ ਸਪਲੈਂਡਰ ਮੋਟਰਸਾਈਕਲ 'ਤੇ ਇਲਾਕੇ ਵਿਚ ਘੁੰਮ ਰਿਹਾ ਹੈ। ਕਾਰਵਾਈ ਕਰਦੇ ਹੋਏ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ।

ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਹ ਨਸ਼ੇ ਦਾ ਆਦੀ ਹੈ ਅਤੇ ਆਪਣੀ ਲਤ ਪੂਰੀ ਕਰਨ ਲਈ ਕੁੱਝ ਦਿਨ ਪਹਿਲਾਂ ਮੋਗਾ ਜ਼ਿਲ੍ਹੇ ਵਿਚ ਇਕ ਵਿਅਕਤੀ ਨੂੰ ਬੇਹੋਸ਼ ਕਰਕੇ ਉਸ ਦੀ 32 ਬੋਰ ਰਿਵਾਲਵਰ ਅਤੇ ਪੰਜ ਜ਼ਿੰਦਾ ਕਾਰਤੂਸ ਚੋਰੀ ਕਰ ਲਏ ਸਨ। ਇਸੇ ਰਿਵਾਲਵਰ ਦੇ ਜ਼ੋਰ 'ਤੇ ਉਸ ਨੇ ਲੋਕਾਂ ਨੂੰ ਡਰਾ-ਧਮਕਾ ਕੇ ਮੋਟਰਸਾਈਕਲ ਅਤੇ ਮੋਬਾਈਲ ਫੋਨ ਖੋਹੇ। ਇਸ ਤੋਂ ਇਲਾਵਾ ਮੁਲਜ਼ਮ ਨੇ ਆਪਣੇ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਬਣਾਉਣ ਲਈ ਹਵਾ ਵਿਚ ਤਿੰਨ ਗੋਲੀਆਂ ਵੀ ਚਲਾਈਆਂ ਸਨ।

ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ਵਿਚੋਂ ਇਕ 32 ਬੋਰ ਰਿਵਾਲਵਰ, ਦੋ ਜ਼ਿੰਦਾ ਕਾਰਤੂਸ, ਬਿਨਾਂ ਨੰਬਰ ਪਲੇਟ ਵਾਲਾ ਸਪਲੈਂਡਰ ਮੋਟਰਸਾਈਕਲ ਅਤੇ ਵੱਖ-ਵੱਖ ਕੰਪਨੀਆਂ ਦੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਹਨ।ਪੁਲਿਸ ਅਨੁਸਾਰ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਕਤਲ ਦੀ ਸਾਜ਼ਿਸ਼, ਐਨ.ਡੀ.ਪੀ.ਐਸ. ਐਕਟ ਅਤੇ ਚੋਰੀ ਦੇ ਮਾਮਲਿਆਂ ਸਬੰਧੀ ਕੇਸ ਦਰਜ ਹਨ। ਅੱਜ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਤਾਂ ਜੋ ਹੋਰ ਅਹਿਮ ਖੁਲਾਸੇ ਕੀਤੇ ਜਾ ਸਕਣ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ