JALANDHAR WEATHER

ਵਿਧਾਇਕਾ ਨਰਿੰਦਰ ਕੌਰ ਭਰਾਜ ਵਲੋਂ ਦਿੱਤੇ ਭਰੋਸੇ ਤੋਂ ਬਾਅਦ ਸਿਟੀ ਪਾਰਕ ਮੂਹਰੇ ਲੱਗਣ ਵਾਲਾ ਧਰਨਾ ਕੀਤਾ ਮੁਲਤਵੀਂ

ਸੰਗਰੂਰ, 11 ਜੂਨ (ਧੀਰਜ ਪਿਸੋਰੀਆ)- ਬਨਾਸਰ ਬਾਗ ਅਤੇ ਸਿਟੀ ਪਾਰਕ ਦੇ ਵਿਕਾਸ ਕਾਰਜਾਂ ਵਿਚ ਹੋ ਰਹੀ ਦੇਰੀ ਨੂੰ ਲੈ ਕੇ ਇਸ ਖਿਲਾਫ਼ ਅੱਜ ਦਿੱਤਾ ਜਾਣ ਵਾਲਾ ਧਰਨਾ ਵਿਧਾਇਕਾ ਨਰਿੰਦਰ ਕੌਰ ਭਰਾਜ ਵਲੋਂ ਜਲਦ ਕੰਮ ਸ਼ੁਰੂ ਕਰਵਾਏ ਜਾਣ ਦੇ ਦਿੱਤੇ ਭਰੋਸੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਇਸ ਧਰਨੇ ਦਾ ਸੱਦਾ ਨਗਰ ਕੌਂਸਲਰ ਸਤਿੰਦਰ ਸੈਣੀ ਵਲੋਂ ਦਿੱਤਾ ਗਿਆ ਸੀ ਜਿਸ ਨੂੰ ਸਿਟੀ ਪਾਰਕ ਸੰਭਾਲ ਕਮੇਟੀ ਅਤੇ ਹੋਰ ਸਮਾਜ ਚਿੰਤਕਾਂ ਵਲੋਂ ਹਮਾਇਤ ਕੀਤੀ ਜਾ ਰਹੀ ਸੀ। ਧਰਨਾ ਦੇਣ ਲਈ ਪਹੁੰਚੇ ਸ਼ਹਿਰ ਵਾਸੀਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਨਗਰ ਕੌਂਸਲਰ ਸਤਿੰਦਰ ਸੈਣੀ ਨੇ ਦੱਸਿਆ ਕਿ ਬਨਾਸਰ ਬਾਗ ਅਤੇ ਸਿਟੀ ਪਾਰਕ ਦੇ ਸੁੰਦਰੀਕਰਨ ਅਤੇ ਵਿਕਾਸ ਲਈ ਲਗਭਗ ਚਾਰ ਕਰੋੜ ਰੁਪਏ ਦੀ ਗਰਾਂਟ ਆਈ ਹੋਈ ਹੈ। ਟੈਂਡਰ ਪ੍ਰਕਿਰਿਆ ਅਤੇ ਵਰਕ ਆਰਡਰ ਜਾਰੀ ਹੋਣ ਦੇ ਬਾਵਜੂਦ ਅਜੇ ਤੱਕ ਕੰਮ ਸ਼ੁਰੂ ਨਹੀਂ ਕੀਤਾ ਗਿਆ ਜਿਸ ਕਾਰਨ ਸ਼ਹਿਰ ਵਾਸੀਆਂ ਵਿਚ ਰੋਸ ਹੈ।

ਉਹਨਾਂ ਦੱਸਿਆ ਕਿ ਅੱਜ ਕੁਝ ਸਮਾਂ ਪਹਿਲਾਂ ਹੀ ਵਿਧਾਇਕਾਂ ਨਰਿੰਦਰ ਕੌਰ ਭਰਾਜ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਸਿਟੀ ਪਾਰਕ, ਬਨਾਸਰ ਬਾਗ ਅਤੇ ਬੜਾ ਚੌਂਕ ਤੋਂ ਪਟਿਆਲਾ ਗੇਟ ਤੱਕ ਦੇ ਸਾਰੇ ਵਿਕਾਸ ਕਾਰਜ ਜਲਦ ਹੀ ਸ਼ੁਰੂ ਕਰ ਦਿੱਤੇ ਜਾਣਗੇ। ਇਸ ਕਾਰਨ ਇਹ ਧਰਨਾ ਮੁਲਤਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹਮੇਸ਼ਾ ਲੋਕਾਂ ਦੀ ਹੀ ਜਿੱਤ ਹੁੰਦੀ ਹੈ।

ਇਸ ਤੋਂ ਪਹਿਲਾਂ ਤਤਕਾਲੀ ਡਿਪਟੀ ਕਮਿਸ਼ਨਰ ਵਲੋਂ ਸਿਟੀ ਪਾਰਕ ਦੇ ਵਿਚ ਜਿੰਮ ਲਈ ਇਮਾਰਤ ਬਣਾਏ ਜਾਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਜੋ ਪ੍ਰੋਜੈਕਟ ਲੋਕਾਂ ਦੇ ਵਿਰੋਧ ਕਾਰਨ ਵਾਪਸ ਲੈਣਾ ਪਿਆ ਸੀ। ਉਧਰ ਅਜੀਤ ਨਾਲ ਗੱਲਬਾਤ ਕਰਦਿਆਂ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਕਿਹਾ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਚਾਰ ਕਰੋੜ ਰੁਪਏ ਦੀ ਗਰਾਂਟ ਆਈ ਹੋਈ ਹੈ। ਨਗਰ ਕੌਂਸਲ ਵਲੋਂ ਟੈਂਡਰ ਵੀ ਹੋ ਚੁੱਕੇ ਹਨ ਪਰ ਅਜੇ ਤੱਕ ਨਿਰਮਾਣ ਕਾਰਜ ਸ਼ੁਰੂ ਨਹੀਂ ਕੀਤਾ ਗਿਆ। ਇਸ ਲਈ ਨਿਰਮਾਣ ਏਜੰਸੀ ਤਬਦੀਲ ਕੀਤੀ ਜਾ ਰਹੀ ਹੈ। ਦੋ ਚਾਰ ਦਿਨਾਂ ਵਿਚ ਇਹ ਗਰਾਂਟਾਂ ਲੋਕ ਨਿਰਮਾਣ ਵਿਭਾਗ ਨੂੰ ਤਬਦੀਲ ਕਰ ਦਿੱਤੀਆਂ ਜਾਣਗੀਆਂ। ਉਸ ਤੋਂ ਬਾਅਦ ਮੁੜ ਤੋਂ ਟੈਂਡਰ ਪ੍ਰਕਿਰਿਆ ਹੋਵੇਗੀ ਅਤੇ 15 -20 ਦਿਨਾਂ ਵਿਚ ਹੀ ਇਹ ਕੰਮ ਸ਼ੁਰੂ ਕਰ ਦਿੱਤੇ ਜਾਣਗੇ। ਵਿਧਾਇਕਾਂ ਭਰਾਜ ਨੇ ਕਿਹਾ ਕਿ ਉਹ ਹਲਕੇ ਦੇ ਹਰ ਪਿੰਡ ਸ਼ਹਿਰ ਦਾ ਵਿਕਾਸ ਕਰਨ ਲਈ ਵਚਨਬੱਧ ਹਨ, ਕਿਤੇ ਵੀ ਵਿਕਾਸ ਕਾਰਜਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ